ਮੁੰਬਈ (ਏਜੰਸੀ) : ਆਰਬੀਆਈ ਨੇ ਆਪਣੇ ਮਾਪਦੰਡਾਂ ਤਹਿਤ ਸਿਆਸੀ ਰੂਪ ਨਾਲ ਜੁੜੇ ਵਿਅਕਤੀਆਂ ਦੀ ਪਰਿਭਾਸ਼ਾ ਨੂੰ ਬਦਲਿਆ ਹੈ। ਇਸ ਨਾਲ ਉਨ੍ਹਾਂ ਨੂੰ ਕਰਜ਼ਾ ਲੈਣ ਸਮੇਤ ਬੈਂਕ ਨਾਲ ਜੁੜੇ ਵੱਖ-ਵੱਖ ਲੈਣ-ਦੇਣ ਕਰਨ ’ਚ ਸਹੂਲਤ ਹੋਵੇਗੀ। ਇਸ ਲਈ ਆਰਬੀਆਈ ਨੇ ‘ਆਪਣੇ ਗਾਹਕ ਨੂੰ ਜਾਣੋ’ (ਕੇਵਾਈਸੀ) ਨਿਯਮਾਂ ’ਚ ਕੁਝ ਬਦਲਾਅ ਕੀਤੇ ਹਨ। ਪੀਈਪੀ ਨਾਲ ਸਬੰਧਤ ਪੁਰਾਣੇ ਮਾਪਦੰਡ ’ਚ ਸਪੱਸ਼ਟਤਾ ਦੀ ਕਮੀ ਹੋਣ ਨਾਲ ਬੈਂਕ ਅਧਿਕਾਰੀਆਂ, ਸੰਸਦ ਮੈਂਬਰਾਂ ਤੇ ਹੋਰ ਲੋਕਾਂ ਨੂੰ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰੀ ਪੀਈਪੀ ਲਈ ਕਰਜ਼ ਇਕੱਠਾ ਕਰਨਾ ਜਾਂ ਬੈਂਕ ਖਾਤੇ ਖੋਲ੍ਹਣਾ ਮੁਸ਼ਕਲ ਹੋ ਰਿਹਾ ਸੀ।

ਇਸ ਸਮੱਸਿਆ ਨੂੰ ਦੇਖਦਿਆਂ ਆਰਬੀਆਈ ਨੇ ਸਿਆਸੀ ਤੌਰ ’ਤੇ ਜੁੜੇ ਲੋਕਾਂ ਲਈ ਕੇਵਾਈਸੀ ਨਿਯਮ ਸੋਧੇ ਹਨ। ਸੋਧੇ ਕੇਵਾਈਸੀ ਨਿਰਦੇਸ਼ਾਂ ਤਹਿਤ ਪੀਈਪੀ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਕਿਸੇ ਦੂਜੇ ਦੇਸ਼ ਨੇ ਪ੍ਰਮੁੱਖ ਜਨਤਕ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਨ੍ਹਾਂ ’ਚ ਸੂਬਿਆਂ/ ਸਰਕਾਰਾਂ ਦੇ ਮੁਖੀ, ਸੀਨੀਅਰ ਸਿਆਸਤਦਾਨ, ਸੀਨੀਅਰ ਸਰਕਾਰੀ ਜਾਂ ਨਿਆਇਕ ਜਾਂ ਫ਼ੌਜੀ ਅਧਿਕਾਰੀ, ਸਰਕਾਰੀ ਮਲਕੀਅਤ ਵਾਲੀਆਂ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਤੇ ਮਹੱਤਵਪੂਰਨ ਸਿਆਸੀ ਪਾਰਟੀਆਂ ਦੇ ਅਧਿਕਾਰੀ ਵੀ ਸ਼ਾਮਲ ਹਨ। ਨਵੇਂ ਨਿਯਮਾਂ ’ਚ ਉਸ ਵਿਅਕਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਕਿਸੇ ਹੋਰ ਦੇਸ਼ ਨੇ ਜਨਤਕ ਸਮਾਗਮ ਦੀ ਜ਼ਿੰਮੇਵਾਰੀ ਸੌਂਪੀ ਹੈ।

ਪੀਈਪੀ ਦੇ ਬੈਂਕ ਖਾਤਿਆਂ ’ਚ ਮੌਜੂਦਾ ਪ੍ਰਬੰਧਾਂ ਤਹਿਤ ਹੋਰ ਕੇਵਾਈਸੀ ਮਾਪਦੰਡ ਹਨ ਤੇ ਇਕ ਸੀਨੀਅਰ ਬੈਂਕ ਅਧਿਕਾਰੀ ਨੂੰ ਇਸ ਬਾਰੇ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ। ਕੇਂਦਰੀ ਬੈਂਕ ਨੇ ਬੈਂਕਾਂ ਤੇ ਹੋਰ ਵਿੱਤੀ ਸੇਵਾਵਾਂ ਦੇ ਚੇਅਰਮੈਨਾਂ ਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਇਨ੍ਹਾਂ ਤਬਦੀਲੀਆਂ ਨੂੰ ਤਤਕਾਲ ਲਾਗੂ ਕਰਨ ਲਈ ਕਿਹਾ ਹੈ।