ਸਾਲ 2023 ਦੀ ਗਾਇਕੀ ’ਚ ਰਵਾਇਤੀਪੁਣੇ ਦੇ ਨਾਲ-ਨਾਲ ਕਾਫ਼ੀ ਕੁਝ ਨਵਾਂ ਦੇਖਣ ਨੂੰ ਮਿਲਿਆ। ਉਮੀਦ ਹੈ ਕਿ 2024 ’ਚ ਪੰਜਾਬੀ ਗਾਇਕੀ ’ਚ ਹੋਰ ਵੀ ਕੁਝ ਚੰਗਾ ਦੇਖਣ ਨੂੰ ਮਿਲੇਗਾ। ਬਦਲਾਅ ਕੁਦਰਤ ਦਾ ਨਿਯਮ ਹੈ। ਸਮੇਂ ਨਾਲ ਹਰ ਚੀਜ਼ ’ਚ ਤਬਦੀਲੀ ਆਉਣੀ ਸੁਭਾਵਕ ਹੈ। ਅਜੋਕੇ ਦੌਰ ’ਚ ਤਕਨੀਕ ਹਰ ਖੇਤਰ ’ਚ ਅਸਰਅੰਦਾਜ਼ ਹੋਈ ਹੈ। ਗਾਇਕੀ ਦਾ ਖੇਤਰ ਵੀ ਇਸ ਤੋਂ ਅਣਛੋਹਿਆ ਨਹੀਂ ਰਿਹਾ। ਤਕਨੀਕ ਦੀ ਬਦੌਲਤ ਜਿੱਥੇ ਕੰਮ ਸੁਖਾਲਾ ਹੋਇਆ ਹੈ, ਉੱਥੇ ਖ਼ਰਚੀਲਾ ਵੀ ਹੋ ਗਿਆ ਹੈ। ਜਿੰਨੀ ਪੂੰਜੀ ਨਾਲ ਕਦੇ ਪੂਰੀ ਫਿਲਮ ਤਿਆਰ ਹੋ ਜਾਂਦੀ ਸੀ, ਓਨੇ ’ਚ ਹੁਣ ਇਕ ਗੀਤ ਮਸਾਂ ਤਿਆਰ ਹੁੰਦਾ ਹੈ। ਹਾਲਾਂਕਿ ਇਹ ਖ਼ਰਚਾ ਬਚਾਇਆ ਵੀ ਜਾ ਸਕਦੈ ਪਰ ‘ਸਟੇਟਸ ਸਿੰਬਲ’ ਦੇ ਨਾਂ ’ਤੇ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਗਾਇਕਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ।

ਸਮਾਂ ਬੀਤਣ ਨਾਲ ਸਰੋਤਿਆਂ ਦੀ ਮੰਗ ਬਦਲਣੀ ਵੀ ਸੁਭਾਵਕ ਹੈ। ਜੋ ਲੋਕਾਂ ਦੀ ਪਸੰਦ ਅੱਜ ਤੋਂ 20 ਸਾਲ ਪਹਿਲਾਂ ਸੀ, ਉਹ ਹੁਣ ਨਹੀਂ ਹੈ ਤੇ ਜੋ ਹੁਣ ਹੈ, ਉਹ ਅੱਜ ਤੋਂ 5-7 ਸਾਲ ਬਾਅਦ ਨਹੀਂ ਹੋਵੇਗੀ। ਕਦੇ ਸਮਾਂ ਸੀ ਜਦੋਂ ਦੋਗਾਣਾ ਜੋੜੀਆਂ ਦੀ ਬੜੀ ਝੰਡੀ ਹੁੰਦੀ ਸੀ। ਵਿਆਹਾਂ ਮੌਕੇ ਲੋਕ ਇਨ੍ਹਾਂ ਜੋੜੀਆਂ ਨੂੰ ਉਚੇਚਾ ਸੱਦ ਕੇ ਬੜੀ ਖ਼ੁਸ਼ੀ ਮਹਿਸੂਸ ਕਰਦੇ ਸਨ ਪਰ ਅੱਜ-ਕੱਲ੍ਹ ਦੋਗਾਣਾ ਜੋੜੀਆਂ ਲੋਹੜੀ ਜਾਂ ਦੀਵਾਲੀ ਦੇ ਤਿਉਹਾਰ ਮੌਕੇ ਇੱਕਾ-ਦੁੱਕਾ ਪੇਸ਼ਕਾਰੀਆਂ ਦੇਣ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ।

ਆਪਣੀ ਸਾਫ਼-ਸੁਥਰੀ ਗਾਇਕੀ ਲਈ ਜਾਣੇ ਜਾਂਦੇ ਪੁਰਾਣੇ ਗਾਇਕਾਂ ਨੂੰ ਕੋਈ ਪ੍ਰੋਗਰਾਮ ਲਈ ਬੁਲਾ ਕੇ ਰਾਜ਼ੀ ਨਹੀਂ, ਜਿਸ ਕਾਰਨ ਉਹ ਗਾਉਣਾ ਬੰਦ ਕਰ ਕੇ ਘਰ ਬੈਠ ਗਏ ਹਨ। ਇੱਥੇ ਸਭਿਆਚਾਰਕ ਮੇਲੇ ਕਰਵਾਉਣ ਵਾਲੇ ਪ੍ਰਬੰਧਕਾਂ ਤੇ ਸਰੋਤਿਆਂ ਦੀ ਵੀ ਗ਼ਲਤੀ ਹੈ। ਕਿਸੇ ਸੁਰੀਲੇ ਪੁਰਾਣੇ ਗਾਇਕ, ਰਾਗੀ, ਢਾਡੀ ਨੂੰ ਹਜ਼ਾਰਾਂ ਰੁਪਏ ਦੇਣ ਦੀ ਬਜਾਏ ਮੁੰਡੀਰ ਟਾਈਪ ਗਾਇਕੀ ਪੇਸ਼ ਕਰਨ ਵਾਲਿਆਂ ਨੂੰ ਲੱਖਾਂ ਰੁਪਏ ਦੇਣੇ ਕਿੱਧਰ ਦੀ ਸਿਆਣਪ ਹੈ? ਸਰੋਤਿਆਂ ਦੀ ਪਸੰਦ ਬਦਲਣ ਦਾ ਹੀ ਨਤੀਜਾ ਹੈ ਕਿ ਜੋ ਗਾਇਕ ਕਦੇ ‘ਸਟਾਰ’ ਸਨ, ਅੱਜ ਉਹ ਕੋਈ ਹੋਰ ਕਿੱਤਾ ਅਪਣਾ ਕੇ ਜਾਂ ਤਾਂ ਵਿਦੇਸ਼ ਉਡਾਰੀ ਮਾਰ ਗਏ ਜਾਂ ਘਰ ਬੈਠ ਗਏ ਹਨ। ਪੁਰਾਣੇ ਗਾਇਕ ਹੀ ਨਹੀਂ ਸਗੋਂ ਗੀਤਕਾਰ ਵੀ ਅੱਜ-ਕੱਲ੍ਹ ਸਰਗਰਮ ਨਹੀਂ। ਕਈ ਨਵੇਂ ਗਾਇਕ ਮਾਰਕੀਟ ’ਚ ਆਉਂਦੇ ਹਨ। ਕਈਆਂ ਦੀ ਗੁੱਡੀ ਅਸਮਾਨੀਂ ਚੜ੍ਹਦੀ ਹੈ ਤੇ ਕਈ ਇਕ-ਦੋ ਗਾਣਿਆਂ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਿ ਗਏ ਕਿੱਥੇ? ਕਈ ਨਵੇਂ ਗੀਤਕਾਰ ਬਹੁਤ ਵਧੀਆ ਗੀਤ ਲਿਖ ਰਹੇ ਹਨ। ਨਵੀਆਂ ਕਲਮਾਂ ਦਾ ਆਉਣਾ ਪੰਜਾਬੀ ਮਾਂ-ਬੋਲੀ ਲਈ ਸ਼ੁਭ ਸੰਕੇਤ ਹੈ। ਸਮਕਾਲੀ ਪੰਜਾਬ ਨੂੰ ਕਈ ਗੀਤਕਾਰ ਸਾਰਥਿਕ ਸ਼ਬਦਾਵਲੀ ਨਾਲ ਆਪਣੇ ਗੀਤਾਂ ’ਚ ਪਰੋ ਰਹੇ ਹਨ ਪਰ ਦਿੱਕਤ ਇਹ ਹੈ ਕਿ ਜ਼ਿਆਦਾਤਰ ਗਾਇਕ ਗਾਣੇ ’ਤੇ ਪੈਸੇ ਖੁੱਲ੍ਹੇ ਦਿਲ ਨਾਲ ਖ਼ਰਚ ਕਰਦੇ ਹਨ ਪਰ ਜਦੋਂ ਗੱਲ ਗੀਤਕਾਰ ਨੂੰ ਖ਼ਰਚਾ ਦੇਣ ਦੀ ਆਉਂਦੀ ਹੈ ਤਾਂ ਹੱਥ ਪਿਛਾਂਹ ਖਿੱਚ ਲੈਂਦੇ ਹਨ। ਕੰਪਨੀਆਂ ਤੇ ਗਾਇਕਾਂ ਨੂੰ ਚਾਹੀਦਾ ਹੈ ਕਿ ਉਹ ਮਿਆਰੀ ਗੀਤ ਲਿਖਣ ਵਾਲਿਆਂ ਨੂੰ ਉਤਸ਼ਾਹਤ ਕਰਨ ਤੇ ਉਨ੍ਹਾਂ ਦੀ ਆਰਥਿਕ ਇਮਦਾਦ ਜ਼ਰੂਰ ਕਰਨ।ਅੱਜ-ਕੱਲ੍ਹ ਗੀਤ ਸੁਣਨ ਦੀ ਹੀ ਨਹੀਂ ਸਗੋਂ ਦੇਖਣ ਦੀ ਵੀ ਸ਼ੈਅ ਬਣ ਗਿਆ ਹੈ। ਪੰਜਾਬ ਦੇ ਪਿੰਡਾਂ ’ਚ ਗੀਤਾਂ ਦਾ ਫਿਲਮਾਂਕਣ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਸ਼ਹਿਰਾਂ ’ਚ ਜਾ ਕੇ ਮਹਿੰਗੀਆਂ-ਮਹਿੰਗੀਆਂ ਲੋਕੇਸ਼ਨਾਂ ’ਤੇ ਸ਼ੂਟਿੰਗ ਕਰਨ ਨਾਲ ਗਾਣੇ ਨੂੰ ਪ੍ਰਭਾਵਸ਼ਾਲੀ ਨਹੀਂ ਬਣਾਇਆ ਜਾ ਸਕਦਾ।

ਕਈ ਗਾਇਕਾਂ ਨੇ ਆਪਣੀਆਂ ਕੰਪਨੀਆਂ ਖੋਲ੍ਹ ਲਈਆਂ ਹਨ, ਜਿਸ ਨਾਲ ਆਡੀਓ ਰਿਕਾਰਡਿੰਗ ਤੇ ਵੀਡੀਓ ਬਣਾਉਣ ’ਚ ਆਸਾਨੀ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਦਾ ਖ਼ਰਚਾ ਕਾਫ਼ੀ ਘਟ ਜਾਂਦਾ ਹੈ। ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਨਵੇਂ ਗਾਇਕਾਂ ਨੂੰ ਵੀ ਉਤਸ਼ਾਹਿਤ ਕਰਨ। ਅਜੋਕੇ ਸਮੇਂ ’ਚ ਸਰੋਤਿਆਂ ਨੂੰ ਵੀ ਆਪਣਾ ਫ਼ਰਜ਼ ਪਛਾਣਨ ਦੀ ਲੋੜ ਹੈ। ਸਰੋਤਿਆਂ ਨੂੰ ਚਾਹੀਦਾ ਹੈ ਕਿ ਉਹ ਉਸਾਰੂ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਉਤਸ਼ਾਹਤ ਕਰਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਸਾਫ਼-ਸੁਥਰੇ ਗੀਤਾਂ ਦੇ ਯੂ-ਟਿਊਬ ’ਤੇ ਵਿਊ ਕੁਝ ਹਜ਼ਾਰਾਂ ਤੱਕ ਹੀ ਸੀਮਤ ਹੁੰਦੇ ਹਨ ਜਦਕਿ ਹਿੰਸਾ ਜਾਂ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤ ‘ਮਿਲੀਅਨ’ ਪਾਰ ਕਰ ਜਾਂਦੇ ਹਨ। ਇਹ ਪੰਜਾਬੀ ਸੰਗੀਤ ਦੀ ਤਾਕਤ ਹੀ ਹੈ ਕਿ ਇਸ ਨੇ ਗੋਰਿਆਂ ਨੂੰ ਵੀ ਝੂਮਣ ਲਾ ਦਿੱਤਾ। ਪੰਜਾਬ ਦਾ ਗੀਤ-ਸੰਗੀਤ ਕਿਸੇ ਹਿੰਦੀ ਫਿਲਮ ਨੂੰ ਵੀ ਸਫਲਤਾ ਦੇ ਮੁਕਾਮ ’ਤੇ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਅਜੋਕੇ ਦੌਰ ’ਚ ਗਾਇਕੀ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਹਨ ਪਰ ਗਾਇਕਾਂ ਨੂੰ ਆਪਣੇ ਇਖ਼ਲਾਕੀ ਤੇ ਸਮਾਜਿਕ ਫ਼ਰਜ਼ਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਸਰੋਤਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਪਿੱਛੋਂ ਨਹੀਂ ਹਟਣਾ ਚਾਹੀਦਾ।

ਗਾਇਕੀ ’ਤੇ ਵੀ ਪਿਆ ਮੰਡੀ ਦਾ ਪ੍ਰਭਾਵ

ਅਜੋਕੇ ਵਿਸ਼ਵੀਕਰਨ ਤੇ ਪੂੰਜੀਵਾਦੀ ਦੌਰ ’ਚ ਮੰਡੀ ਘਰ, ਰਿਸ਼ਤੇ, ਪਹਿਰਾਵੇ, ਖਾਣ-ਪੀਣ ਸਭ ਕੁਝ ’ਤੇ ਭਾਰੂ ਹੋ ਚੁੱਕੀ ਹੈ। ਗਾਇਕੀ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੀ। ਹੁਣ ਦੀ ਮੁਟਿਆਰ ਉਹੋ ਕੁਝ ਮੰਗੇਗੀ ਜੋ ਕਾਰਪੋਰੇਟ ਘਰਾਣਿਆਂ ਵੱਲੋਂ ਦਿੱਤੇ ਜਾਂਦੇ ਟੀਵੀ ਇਸ਼ਤਿਹਾਰਾਂ ਮੁਤਾਬਕ ‘ਬੈਸਟ’ ਹੈ। ਅਜਿਹੇ ਸਮੇਂ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੁੜਨ ਦਾ ਸੰਦੇਸ਼ ਦੇਣਾ ਆਪਣੇ ਆਪ ’ਚ ਅਲੋਕਾਰੀ ਲੱਗਦਾ ਹੈ ਪਰ ਕਈ ਨਵੇਂ ਪੂਰ ਦੇ ਗੀਤਕਾਰ ਇਸ ਪੱਖੋਂ ਸ਼ਾਬਾਸ਼ੀ ਦੇ ਹੱਕਦਾਰ ਹਨ।

– ਗੁਰਪ੍ਰੀਤ ਖੋਖਰ