ਨਵੀਂ ਦਿੱਲੀ : ਸਾਲ 2023 ਦੇ ਆਖਰੀ ਹਫਤੇ ‘ਚ ਖਬਰ ਆਈ ਸੀ ਕਿ ਕੇਂਦਰ ਸਰਕਾਰ ਨਵੇਂ ਸਾਲ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕਰ ਸਕਦੀ ਹੈ। ਲੋਕ ਇਸ ਖ਼ਬਰ ਨੂੰ ਲੋਕ ਸਭਾ ਚੋਣਾਂ ਦੇ ਸਿਲਸਿਲੇ ‘ਚ ਰਾਹਤ ਦੀ ਖ਼ਬਰ ਦੇ ਰਹੇ ਸਨ। ਪਰ ਹੁਣ ਸਰਕਾਰ ਨੇ ਖੁਦ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ ਹੈ। ਅਜਿਹੇ ‘ਚ ਜਿਹੜੇ ਲੋਕ ਨਵੇਂ ਸਾਲ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ ਦੀ ਉਮੀਦ ਕਰ ਰਹੇ ਸਨ, ਉਨ੍ਹਾਂ ਨੂੰ ਝਟਕਾ ਲੱਗਾ ਹੈ।

ਦਰਅਸਲ 28 ਦਸੰਬਰ ਨੂੰ ਖ਼ਬਰ ਆਈ ਸੀ ਕਿ ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 6 ਤੋਂ 10 ਰੁਪਏ ਤਕ ਦੀ ਕਟੌਤੀ ਕਰ ਸਕਦੀ ਹੈ। ਸਰਕਾਰ ਇਸ ਸਬੰਧੀ ਤੇਲ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ ਪਰ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਖ਼ਬਰ ‘ਤੇ ਰੋਕ ਲਗਾ ਦਿੱਤੀ ਹੈ।

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਈਂਧਨ (ਪੈਟਰੋਲ-ਡੀਜ਼ਲ) ਦੀਆਂ ਕੀਮਤਾਂ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ, ਇਹ ਸਿਰਫ ਅਫਵਾਹ ਹੈ। ਯਾਨੀ ਪਿਛਲੇ ਹਫ਼ਤੇ ਆਈਆਂ ਖ਼ਬਰਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਹਰਦੀਪ ਸਿੰਘ ਪੁਰੀ ਦੇ ਇਸ ਬਿਆਨ ਤੋਂ ਬਾਅਦ ਤੇਲ ਕੰਪਨੀਆਂ ਦੇ ਸ਼ੇਅਰਾਂ ‘ਚ ਅਚਾਨਕ ਉਛਾਲ ਆਇਆ। ਕਿਉਂਕਿ ਕਿਹਾ ਜਾ ਰਿਹਾ ਸੀ ਕਿ ਜੇਕਰ ਤੇਲ ਦੀਆਂ ਕੀਮਤਾਂ ‘ਚ ਕਟੌਤੀ ਹੁੰਦੀ ਹੈ ਤਾਂ ਇਹ ਸਰਕਾਰ ਅਤੇ ਤੇਲ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਤਹਿਤ ਕੀਤੀ ਜਾਵੇਗੀ ਤੇ ਇਸ ਕਟੌਤੀ ਦੀ ਭਰਪਾਈ 50:50 ਦੇ ਫਾਰਮੂਲੇ ਤਹਿਤ ਕੀਤੀ ਜਾਵੇਗੀ।

ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਨਾਲ ਈਂਧਨ ਦੀਆਂ ਕੀਮਤਾਂ ‘ਚ ਕਟੌਤੀ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹੈ। ਸਰਕਾਰ ਕੋਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਮੀਡੀਆ ਰਿਪੋਰਟਾਂ ‘ਚ ਇਹ ਸਿਰਫ ਅਟਕਲਾਂ ਹਨ। ਸਰਕਾਰ ਦੇ ਇਸ ਬਿਆਨ ਤੋਂ ਬਾਅਦ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਦੇ ਸ਼ੇਅਰਾਂ ‘ਚ 3.27 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦੋਂਕਿ ਬੀਪੀਸੀਐਲ ਦੇ ਸ਼ੇਅਰ 1.06% ਅਤੇ IOCL ਦੇ ਸ਼ੇਅਰ 1.76% ਵਧੇ।