ਦੁਬਈ (ਪੀਟੀਆਈ) : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੱਖਣੀ ਅਫਰੀਕਾ ਖ਼ਿਲਾਫ਼ ਸੈਂਚੂਰੀਅਨ ਟੈਸਟ ‘ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਟੈਸਟ ਰੈਂਕਿੰਗ ‘ਚ ਚਾਰ ਸਥਾਨ ਅੱਗੇ ਵਧ ਕੇ ਨੌਵੇਂ ਸਥਾਨ ‘ਤੇ ਪੁੱਜ ਗਏ ਹਨ। ਕੋਹਲੀ 2022 ‘ਚ ਸਿਖਰਲੇ 10 ‘ਚੋਂ ਬਾਹਰ ਹੋ ਗਏ ਸਨ ਪਰ ਪਿਛਲੇ ਹਫ਼ਤੇ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂਆਤੀ ਟੈਸਟ ‘ਚ 38 ਤੇ 76 ਦੌੜਾਂ ਦੀਆਂ ਪਾਰੀਆਂ ਖੇਡਣ ਨਾਲ ਉਹ ਮੁੜ ਇਸ ਵਿਚ ਵਾਪਸੀ ਕਰਨ ‘ਚ ਕਾਮਯਾਬ ਰਹੇ। ਆਈਸੀਸੀ ਮੁਤਾਬਕ ਉਹ ਸਿਖਰ ‘ਤੇ ਚੱਲ ਰਹੇ ਕੇਨ ਵਿਲੀਅਮਸਨ ਤੋਂ 103 ਰੇਟਿੰਗ ਅੰਕ ਪਿੱਛੇ ਹਨ ਜਦਕਿ ਜੋ ਰੂਟ ਤੇ ਸਟੀਵ ਸਮਿਥ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ 14ਵੇਂ ਸਥਾਨ ‘ਤੇ ਖਿਸਕ ਗਏ ਹਨ। ਉਨ੍ਹਾਂ ਨੇ ਸੈਂਚੂਰੀਅਨ ‘ਚ ਪੰਜ ਦੌੜਾਂ ਬਣਾਈਆਂ ਸਨ ਤੇ ਇਕ ਪਾਰੀ ਵਿਚ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਕੇਐੱਲ ਰਾਹੁਲ ਵੀ 11 ਸਥਾਨ ਦੀ ਛਾਲ ਨਾਲ 51ਵੇਂ ਸਥਾਨ ‘ਤੇ ਪੁੱਜ ਗਏ ਹਨ। ਉਨ੍ਹਾਂ ਨੇ ਸੀਰੀਜ਼ ਦੇ ਸ਼ੁਰੂਆਤੀ ਮੈਚ ‘ਚ 101 ਤੇ ਚਾਰ ਦੌੜਾਂ ਬਣਾਈਆਂ ਸਨ। ਗੇਂਦਬਾਜ਼ਾਂ ‘ਚ ਰਵੀਚੰਦਰਨ ਅਸ਼ਵਿਨ ਸਿਖਰਲੇ ਸਥਾਨ ‘ਤੇ ਕਾਇਮ ਹਨ ਜਦਕਿ ਉਹ ਸੈਂਚੂਰੀਅਨ ‘ਚ 41 ਦੌੜਾਂ ਦੇ ਕੇ ਇਕ ਵਿਕਟ ਹੀ ਹਾਸਲ ਕਰ ਸਕੇ ਸਨ। ਰਵਿੰਦਰ ਜਡੇਜਾ ਤੇ ਜਸਪ੍ਰਰੀਤ ਬੁਮਰਾਹ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ‘ਤੇ ਬਣੇ ਹੋਏ ਹਨ। ਜਡੇਜਾ ਹਰਫ਼ਨਮੌਲਾ ਸੂਚੀ ‘ਚ ਸਿਖਰ ‘ਤੇ ਕਾਇਮ ਹਨ। ਉਨ੍ਹਾਂ ਤੋਂ ਬਾਅਦ ਅਸ਼ਵਿਨ ਦੂਜੇ ਸਥਾਨ ‘ਤੇ ਹਨ ਜਦਕਿ ਸ਼ਾਰਦੁਲ ਠਾਕੁਰ 34ਵੇਂ ਸਥਾਨ ‘ਤੇ ਖਿਸਕ ਗਏ ਹਨ। ਟੀਮ ਰੈਂਕਿੰਗ ਵਿਚ ਭਾਰਤ 118 ਅੰਕ ਲੈ ਕੇ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਉੱਪਰ ਸਿਖਰ ‘ਤੇ ਕਾਬਜ ਹੈ।