ਨਵੀਂ ਦਿੱਲੀ (ਏਜੰਸੀ) : ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ’ਤੇ ਸੰਕਟ ਦੇ ਬੱਦਲ ਹਟਣ ਦਾ ਨਾਂ ਨਹੀਂ ਲੈ ਰਹੇ। ਹੁਣ ਮੁਅੱਤਲ ਡਬਲਯੂਐੱਫਆਈ ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਹੈ ਕਿ ਉਹ ਐਡਹਾਕ ਕਮੇਟੀ ਜਾਂ ਖੇਡ ਮੰਤਰਾਲੇ ਵੱਲੋਂ ਸੰਘ ’ਤੇ ਲਾਈ ਮੁਅੱਤਲੀ ਨੂੰ ਨਹੀਂ ਮੰਨਦੇ। ਉਹ ਛੇਤੀ ਹੀ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣਗੇ। ਖੇਡ ਮੰਤਰਾਲੇ ਨੇ ਚੋਣਾਂ ਤੋਂ ਤਿੰਨ ਦਿਨ ਬਾਅਦ ਹੀ ਡਬਲਯੂਐੱਫਆਈ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲੀਆ ਆਈਓਏ ਨੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਡਬਲਯੂਐੱਫਆਈ ਦਾ ਕੰਮਕਾਜ ਦੇਖਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਐਡਹਾਕ ਕਮੇਟੀ ਨੇ ਜੈਪੁਰ ’ਚ ਦੋ ਤੋਂ ਪੰਜ ਫਰਵਰੀ ਤੱਕ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਕਰਾਉਣ ਦਾ ਐਲਾਨ ਕੀਤਾ ਸੀ।

ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸਾਡੀ ਚੋਣ ਲੋਕਤੰਤਰੀ ਤਰੀਕੇ ਨਾਲ ਹੋਈ ਹੈ। ਚੋਣ ਅਧਿਕਾਰੀ ਨੇ ਕਾਗ਼ਜ਼ਾਂ ’ਤੇ ਦਸਤਖਤ ਕੀਤੇ, ਜਿਸ ਨੂੰ ਕਿਵੇਂ ਅਣਦੇਖਿਆ ਕੀਤਾ ਜਾ ਸਕਦਾ ਹੈ। ਅਸੀਂ ਇਸ ਐਡਹਾਕ ਕਮੇਟੀ ਨੂੰ ਨਹੀਂ ਮੰਨਦੇ। ਇਹ ਪੁੱਛਣ ’ਤੇ ਕਿ ਰਾਸ਼ਟਰੀ ਚੈਂਪੀਅਨਸ਼ਿਪ ਕਿਵੇਂ ਹੋਵੇਗੀ, ਉਨ੍ਹਾਂ ਕਿਹਾ ਕਿ ਅਸੀਂ ਇਸ ਮੁਅੱਤਲੀ ਨੂੰ ਨਹੀਂ ਮੰਨਦੇ। ਡਬਲਯੂਐੱਫਆਈ ਚੰਗੇ ਤਰੀਕੇ ਨਾਲ ਕੰਮ ਕਰ ਰਹੀ ਹੈ। ਐਡਹਾਕ ਕਮੇਟੀ ਰਾਸ਼ਟਰੀ ਚੈਂਪੀਅਨਸ਼ਿਪ ਕਿਵੇਂ ਕਰੇਗੀ ਜੇ ਸਾਡੇ ਸੂਬਾਈ ਸੰਘ ਟੀਮਾਂ ਹੀ ਨਹੀਂ ਭੇਜਣਗੇ। ਅਸੀਂ ਛੇਤੀ ਹੀ ਆਪਣੀ ਰਾਸ਼ਟਰੀ ਚੈਂਪੀਅਨਸ਼ਿਪ ਕਰਾਵਾਂਗੇ ਤੇ ਅਸੀਂ ਛੇਤੀ ਹੀ ਕਾਰਜਕਾਰੀ ਕਮੇਟੀ ਦੀ ਬੈਠਕ ਬੁਲਾਵਾਂਗੇ। ਇਸ ਦਾ ਨੋਟਿਸ ਇਸ ਜਾਂ ਦੋ ਦਿਨਾਂ ’ਚ ਭੇਜ ਦਿੱਤਾ ਜਾਵੇਗਾ।

ਸੰਜੇ ਸਿੰਘ ਦੇ ਐਲਾਨ ਤੋਂ ਬਾਅਦ ਜੇ ਰਾਸ਼ਟਰੀ ਚੈਂਪੀਅਨਸ਼ਿਪ ਹੁੰਦੀ ਹੈ ਤਾਂ ਨਿਸ਼ਚਿਤ ਰੂਪ ਨਾਲ ਡਬਲਯੂਐੱਫਆਈ ਦਾ ਸੰਕਟ ਹੋਰ ਗਹਿਰਾਏਗਾ।