ਪੀਟੀਆਈ, ਮੁੰਬਈ : ਫਰਾਂਸ ‘ਚ ਮਨੁੱਖੀ ਤਸਕਰੀ ਦੇ ਸ਼ੱਕ ‘ਚ ਚਾਰ ਦਿਨਾਂ ਲਈ ਰੋਕਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੁੰਬਈ ਪਹੁੰਚ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ 276 ਯਾਤਰੀਆਂ ਨੂੰ ਲੈ ਕੇ ਜਹਾਜ਼ ਮੰਗਲਵਾਰ ਤੜਕੇ ਮੁੰਬਈ ਪਹੁੰਚਿਆ।

ਅਧਿਕਾਰੀ ਨੇ ਦੱਸਿਆ ਕਿ ਏਅਰਬੱਸ ਏ340 ਸਵੇਰੇ 4 ਵਜੇ ਮੁੰਬਈ ਉਤਰਿਆ। ਜਹਾਜ਼ ਨੇ ਪੈਰਿਸ ਦੇ ਵਿਟਰੀ ਹਵਾਈ ਅੱਡੇ ਤੋਂ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 2:30 ਵਜੇ ਉਡਾਣ ਭਰੀ।

ਫਰਾਂਸੀਸੀ ਅਧਿਕਾਰੀਆਂ ਮੁਤਾਬਕ ਜਹਾਜ਼ ਨੇ ਮੁੰਬਈ ਲਈ ਉਡਾਣ ਭਰਨ ਸਮੇਂ 276 ਯਾਤਰੀ ਸਵਾਰ ਸਨ। ਹਾਲਾਂਕਿ ਦੋ ਨਾਬਾਲਗਾਂ ਸਮੇਤ 25 ਲੋਕਾਂ ਨੇ ਸ਼ਰਣ ਲਈ ਅਰਜ਼ੀ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ। ਫਿਲਹਾਲ ਇਹ ਲੋਕ ਫਰਾਂਸ ਵਿਚ ਮੌਜੂਦ ਹਨ।

ਇਕ ਫਰਾਂਸੀਸੀ ਨਿਊਜ਼ ਚੈਨਲ ਨੇ ਕਿਹਾ ਕਿ ਦੋ ਹੋਰਾਂ ਨੂੰ ਹਿਰਾਸਤ ‘ਚ ਲਿਆ ਗਿਆ ਤੇ ਇਕ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਜਹਾਜ਼ ਵੈਟਰੀ ਹਵਾਈ ਅੱਡੇ ‘ਤੇ ਉਤਰਿਆ ਤਾਂ ਉਸ ਵਿਚ 303 ਭਾਰਤੀ ਸਵਾਰ ਸਨ, ਜਿਨ੍ਹਾਂ ਵਿਚ 11 ਨਾਬਾਲਗ ਵੀ ਸਨ।

ਤੁਹਾਨੂੰ ਦੱਸ ਦੇਈਏ ਕਿ 303 ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਨਿਕਾਰਾਗੁਆ ਜਾ ਰਹੀ ਫਲਾਈਟ ਨੂੰ ਫਰਾਂਸ ਦੇ ਵੈਟਰੀ ਏਅਰਪੋਰਟ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਰੋਕ ਦਿੱਤਾ ਗਿਆ ਸੀ। ਫਰਾਂਸੀਸੀ ਮੀਡੀਆ ਮੁਤਾਬਕ ਕੁਝ ਯਾਤਰੀ ਹਿੰਦੀ ਤੇ ਕੁਝ ਤਾਮਿਲ ਬੋਲ ਰਹੇ ਸਨ। ਹਾਲਾਂਕਿ ਏਅਰਲਾਈਨ ਦੇ ਵਕੀਲ ਨੇ ਤਸਕਰੀ ‘ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਵਿੱਚ ਮਨੁੱਖੀ ਤਸਕਰੀ ਲਈ 20 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ।