ਜੇਐੱਨਐੱਨ, ਰੁੜਕੀ : ਉਤਰਾਖੰਡ ਦੇ ਰੁੜਕੀ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਮੰਗਲੌਰ ਕੋਤਵਾਲੀ ਖੇਤਰ ਦੇ ਲਹਬੋਲੀ ਪਿੰਡ ਵਿਚ ਸਵੇਰੇ ਇੱਟਾਂ ਦੇ ਭੱਠੇ ਵਿਚ ਕੱਚੀਆਂ ਇੱਟਾਂ ਨੂੰ ਪਕਾਉਣ ਲਈ ਦੀਵਾਰ ਬਣਾ ਰਹੇ ਛੇ ਮਜ਼ਦੂਰਾਂ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ, ਜਦੋਂਕਿ ਅੱਠ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਲਕਸਰ ਦੇ ਵਿਧਾਇਕ ਮੁਹੰਮਦ ਸ਼ਹਿਜ਼ਾਦ, ਐੱਸਪੀ ਦੇਹਤ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਰਾਹਤ ਤੇ ਬਚਾਅ ਕੰਮ ਜਾਰੀ ਹਨ।

ਕੰਧ ਡਿੱਗਣ ਨਾਲ ਕਈ ਮਜ਼ਦੂਰ ਵੀ ਜ਼ਖ਼ਮੀਂ

ਲਹਬੋਲੀ ਪਿੰਡ ਵਿਚ ਸਾਵਨੀ ਬ੍ਰਿਕ ਫੀਲਡ ਹੈ। ਇੱਥੇ ਸੌ ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਇਸ ਸਮੇਂ ਭੱਠੇ ਵਿਚ ਕੱਚੀਆਂ ਇੱਟਾਂ ਦੀ ਭਰਾਈ ਦਾ ਕੰਮ ਚੱਲ ਰਿਹਾ ਹੈ। ਮਜ਼ਦੂਰ ਘੋੜਾ ਬੱਗੀਆਂ ਨਾਲ ਭੱਠੇ ਦੇ ਅੰਦਰ ਇੱਟਾਂ ਲਿਜਾ ਰਹੇ ਸਨ। ਇਸ ਦੌਰਾਨ ਕੱਚੀਆਂ ਇੱਟਾਂ ਦੀ ਕੰਧ ਢਹਿ ਗਈ, ਜਿਸ ਕਾਰਨ ਵੱਡੀ ਗਿਣਤੀ ਵਿਚ ਮਜ਼ਦੂਰ ਇੱਟਾਂ ਹੇਠਾਂ ਦੱਬ ਗਏ। ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਹੋਰ ਕਰਮਚਾਰੀ ਤੇਜ਼ੀ ਨਾਲ ਮੌਕੇ ਵੱਲ ਭੱਜੇ। ਜੇਸੀਬੀ ਅਤੇ ਹੱਥਾਂ ਨਾਲ ਇੱਟਾਂ ਪਾਸੇ ਕਰਕੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ।