ਏਐੱਨਆਈ, ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.) ਬਲਾਕ ਦੇ ਨੇਤਾ ਸ਼ੁੱਕਰਵਾਰ ਨੂੰ ਰਾਜਧਾਨੀ ਦਿਲੀ ਵਿੱਚ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਗਏ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸਵੇਰੇ 11 ਵਜੇ ਤੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ, ਜੋ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ‘ਚ ਸ਼ਾਮਿਲ ਹਨ, ਨੇ ਵੀਰਵਾਰ ਨੂੰ ਕਿਹਾ ਕਿ ਸ਼ੁੱਕਰਵਾਰ ਨੂੰ ਸਾਰੇ ਸੂਬਿਆਂ ‘ਚ I.N.D.I.A. ਬਲਾਕ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਵਿਰੋਧ ਕਰਨਾ ਉਚਿਤ ਹੈ ਅਤੇ ਅਸੀਂ ਸਾਰੇ ਦਿੱਲੀ ਦੇ ਜੰਤਰ-ਮੰਤਰ ‘ਤੇ ਹੋਵਾਂਗੇ।

ਜੰਤਰ-ਮੰਤਰ ‘ਤੇ ਪ੍ਰਦਰਸ਼ਨ ‘ਚ ਸ਼ਾਮਲ ਹੋ ਰਹੇ ਇਹ ਸੰਸਦ ਮੈਂਬਰ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਐਨਡੀ ਗੁਪਤਾ, ਸੰਦੀਪ ਪਾਠਕ, ਸੰਤ ਬਲਬੀਰ ਸੀਚੇਵਾਲ ਅਤੇ ਸੰਜੀਵ ਅਰੋੜਾ ਅੱਜ ਆਈਐਨਡੀਆਈਏ ਬਲਾਕ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ। ਕੁੱਲ 146 ਸੰਸਦ ਮੈਂਬਰ – 100 ਲੋਕ ਸਭਾ ਤੋਂ ਅਤੇ 46 ਰਾਜ ਸਭਾ ਤੋਂ – ਫਿਲਹਾਲ ਦੋਵਾਂ ਸਦਨਾਂ ਵਿਚ ਹੰਗਾਮਾ ਕਰਨ ਅਤੇ ਕਾਰਵਾਈ ਵਿੱਚ ਵਿਘਨ ਪਾਉਣ ਲਈ ਮੁਅੱਤਲ ਹਨ, ਜਦੋਂਕ੍ ਉਹ ਸੰਸਦ ਦੀ ਸੁਰੱਖਿਆ ਉਲੰਘਣਾ ਬਾਰੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ।

ਉਪ ਰਾਸ਼ਟਰਪਤੀ ਨੇ ਸਦਨ ‘ਚ ਹੰਗਾਮੇ ‘ਤੇ ਪ੍ਰਗਟ ਕੀਤਾ ਦੁੱਖ

ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜ ਸਭਾ ਦੇ 262ਵੇਂ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਉਪਰਲੇ ਸਦਨ ਦੇ ਲਗਭਗ 22 ਘੰਟੇ ਟਾਲਣਯੋਗ ਰੁਕਾਵਟਾਂ ਕਾਰਨ ਬਰਬਾਦ ਹੋ ਗਏ। ਰਾਜ ਸਭਾ ਦੇ ਸਭਾਪਤੀ ਨੇ ਕਿਹਾ, ‘ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਟਾਲਣਯੋਗ ਰੁਕਾਵਟਾਂ ਕਾਰਨ ਲਗਭਗ 22 ਘੰਟੇ ਖ਼ਰਾਬ ਹੋ ਗਏ, ਜਿਸ ਨਾਲ ਸਾਡੀ ਸਮੁੱਚੀ ਉਤਪਾਦਕਤਾ ‘ਤੇ ਮਾੜਾ ਅਸਰ ਪਿਆ ਹੈ।’

ਉਪ-ਰਾਸ਼ਟਰਪਤੀ ਧਨਖੜ ਨੇ ਸਾਰਿਆਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ, ‘ਮੈਨੂੰ ਯਕੀਨ ਹੈ ਕਿ ਸਿਰਫ ਮੈਂ ਹੀ ਨਹੀਂ ਸਗੋਂ ਬਹੁਤ ਸਾਰੇ ਲੋਕ ਹਨ ਜੋ ਉਮੀਦ ਕਰਦੇ ਹਨ ਕਿ 2024 ਸਮੁੱਚੇ ਰਾਸ਼ਟਰ ਨਿਰਮਾਣ ‘ਚ ਵੱਡੀ ਭੂਮਿਕਾ ਨਿਭਾਏਗਾ। ਨਾਲ ਹੀ ਸਦਨ ਵੀ ਸਕਾਰਾਤਿਮਕ ਰੋਲ ਅਦਾ ਕਰਦਾ ਰਹੇਗਾ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਜਦੋਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਚੱਲ ਰਹੀ ਸੀ ਤਾਂ ਮੁਅੱਤਲ ਸੰਸਦ ਮੈਂਬਰਾਂ ਨੇ ਵਿਰੋਧੀ ਸੰਸਦ ਮੈਂਬਰਾਂ ਨੇ ਮੁਅੱਤਲੀ ਦੇ ਵਿਰੋਧ ‘ਚ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਮਾਰਚ ਕੱਢਿਆ। ਰੋਸ ਮਾਰਚ ਵਿੱਚ ਹਿੱਸਾ ਲੈਂਦਿਆਂ ਸੀਪੀਆਈ (ਐਮ) ਦੇ ਜੌਹਨ ਬ੍ਰਿਟਾਸ ਨੇ ਕਿਹਾ ਕਿ ਕੇਂਦਰ ਨੂੰ ਹੁਣ ਇਹ ਕਹਿਣ ਲਈ ਸੰਵਿਧਾਨ ਵਿੱਚ ਸੋਧ ਕਰਨੀ ਚਾਹੀਦੀ ਹੈ ਕਿ ਭਾਰਤ ਇਕ ਰਾਜਸ਼ਾਹੀ ਹੈ।ਏਐੱਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਤੁਸੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਇਕਪਾਸੜ ਹੁੰਦੇ ਦੇਖ ਸਕਦੇ ਹੋ। ਇਹ ਵਿਰੋਧੀ ਧਿਰ ਮੁਕਤ ਸੰਸਦ ਹੈ।