ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀ ਇਕ ਮਹਿਲਾ ਸਿਵਲ ਜੱਜ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ ਤੇ ਨਾਲ ਹੀ ਇੱਛਾ ਮੌਤ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇੱਛਾ ਮੌਤ ਵਾਲੀ ਚਿੱਠੀ ’ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਇਲਾਹਾਬਾਦ ਹਾਈ ਕੋਰਟ ਤੋਂ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਜਨਰਲ ਸਕੱਤਰ ਅਤੁਲ ਐੱਮ ਕੁਰਹੇਕਰ ਨੂੰ ਇਲਾਹਾਬਾਦ ਹਾਈ ਕੋਰਟ ਪ੍ਰਸ਼ਾਸਨ ਤੋਂ ਸਟੇਟਸ ਰਿਪੋਰਟ ਮੰਗਣ ਦਾ ਹੁਕਮ ਦਿੱਤਾ।

ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਤਾਇਨਾਤ ਮਹਿਲਾ ਸਿਵਲ ਜੱਜ ਵੱਲੋਂ ਚੀਫ ਜਸਟਿਸ ਨੂੰ ਲਿਖਿਆ ਪੱਤਰ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਜੱਜ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਉਂਦਿਆਂ ਇੱਛਾ ਮੌਤ ਮੰਗੀ ਹੈ। ਚਿੱਠੀ ’ਚ ਦਾਅਵਾ ਕੀਤਾ ਗਿਆ ਹੈ ਕਿ ਇਕ ਪੋਸਟਿੰਗ ਦੌਰਾਨ ਜ਼ਿਲ੍ਹਾ ਜੱਜ ਤੇ ਉਨ੍ਹਾਂ ਦੇ ਕਰੀਬੀਆਂ ਨੇ ਉਸ ਨਾਲ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਜੱਜ ਨੇ ਰਾਤ ਨੂੰ ਮਿਲਣ ਦਾ ਦਬਾਅ ਵੀ ਬਣਾਇਆ।