ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਰੀਰ ਫਿੱਟ ਰੱਖਣ ਲਈ ਸ਼ਹਿਰ ਦੀਆਂ ਪ੍ਰਮੁੱਖ ਪਾਰਕਾਂ ‘ਚ 12 ਓਪਨ ਜਿਮ ਲਗਾਏ ਜਾਣਗੇ। ਉਕਤ ਪ੍ਰਗਟਾਵਾ ‘ਆਪ’ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਨਗਰ ਕੌਂਸਲ ਮਾਛੀਵਾੜਾ ਦੇ ਬ੍ਾਂਡ ਅੰਬੈਸਡਰ ਤੇ ‘ਆਪ’ ਆਗੂ ਜਗਮੀਤ ਸਿੰਘ ਮੱਕੜ ਨੇ ਕੀਤਾ।
ਉਕਤ ਦੋਵੇਂ ਆਗੂਆਂ ਨੇ ਦੱਸਿਆ ਸ਼ਹਿਰ ਦੇ ਸਭ ਤੋਂ ਸੁੰਦਰ ਸਮਝੇ ਜਾਂਦੇ ਤੇ ਜਨਰਲ ਬੱਸ ਸਟੈਂਡ ਨੇੜੇ ਵਸਦੇ ਜੇਐੱਸ ਨਗਰ ਤੋਂ ਇਲਾਵਾ 2 ਹੋਰ ਵੱਖ-ਵੱਖ ਪਾਰਕਾਂ ‘ਚ ਓਪਨ ਜਿਮ ਦੀਆਂ 12 ਮਸ਼ੀਨਾਂ ਲਗਾਉਣ ਦੀ ਯੋਜਨਾ ਬਣਾਈ ਗਈ ਹੈ ਤਾਂ ਕਿ ਬੱਚੇ ਤੇ ਨੌਜਵਾਨ ਰੋਜ਼ਾਨਾ ਜਿਮ ਜਾ ਕੇ ਸਰੀਰਕ ਕਸਰਤ ਕਰ ਸਕਣ ਤੇ ਤੰਦਰੁਸਤ ਰਹਿ ਸਕਣ।
‘ਆਪ’ ਆਗੂ ਮੱਕੜ ਨੇ ਕਿਹਾ ਪਾਰਕਾਂ ‘ਚ ਜਿਮ ਲਗਾਉਣ ਦਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰ ਸਹੀ ਸੇਧ ਦੇਣਾ ਹੈ ਤਾਂ ਜੋ ਉਹ ਪੜ੍ਹਾਈ ਤੋਂ ਬਾਅਦ ਇੱਥੇ ਆਪਣੀ ਕਸਰਤ ਕਰ ਸਕਣ। ਉਨ੍ਹਾਂ ਕਿਹਾ ਨਗਰ ਕੌਂਸਲ ਵਲੋਂ ਮਾਛੀਵਾੜਾ ਸ਼ਹਿਰ ਦੇ ਪਾਰਕਾਂ ਦੀ ਦਿੱਖ ਸੁੰਦਰ ਬਣਾਉਣ ਲਈ ਤਖਮੀਨੇ ਤਿਆਰ ਕੀਤੇ ਜਾ ਰਹੇ ਹਨ ਤੇ ਜਲਦ ਇਸ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਕਰ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਸਰਕਾਰ ਦਾ ਉਦੇਸ਼ ਇਤਿਹਾਸਕ ਸ਼ਹਿਰ ਮਾਛੀਵਾੜਾ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣਾ ਹੈ।


