ਬਸੰਤ ਸਿੰਘ ਰੋੜੀਆਂ, ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (Punjab State Ministerial Services Union) ਵੱਲੋਂ 35 ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ 4 ਦਿਨਾਂ ਲਈ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਦਫ਼ਤਰੀ ਕਾਮਿਆਂ ਦੀ ਐਸੋਸੀਏਸ਼ਨ ਲੁਧਿਆਣਾ ਇਕਾਈ ਦੇ ਪ੍ਰਧਾਨ ਸੰਜੀਵ ਭਾਰਗਵ ਨੇ ਦੱਸਿਆ ਕਿ 12 -13 ਦਸੰਬਰ ਨੂੰ ਦਫ਼ਤਰੀ ਕਾਮਿਆਂ ਵੱਲੋਂ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਦਕਿ 14 -15 ਦਸੰਬਰ ਨੂੰ ਦਫਤਰੀ ਕਾਮੇ ਸਮੂਹਿਕ ਛੁੱਟੀ ’ਤੇ ਜਾਣਗੇ। 16 ਦਸੰਬਰ ਨੂੰ ਪੰਜਾਬ ਭਰ ਦੇ ਸਮੂਹ ਦਫ਼ਤਰੀ ਕਾਮਿਆਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਵੇਗੀ। ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਹੜਤਾਲ ਨੂੰ ਹੋਰ ਅੱਗੇ ਵਧਾਉਣਾ ਹੈ ਜਾਂ ਕੰਮਾਂ ’ਤੇ ਵਾਪਸ ਆਉਣਾ ਹੈ। ਜੇਕਰ ਸਰਕਾਰ ਨੇ ਜਾਇਜ਼ ਮੰਗਾਂ ਨੂੰ ਮਨਜ਼ੂਰੀ ਦੇ ਕੇ ਲਾਗੂ ਕਰ ਦਿੱਤਾ ਤਾਂ ਮੁਲਾਜ਼ਮ ਕੰਮਾਂ ’ਤੇ ਵਾਪਸੀ ਨਹੀਂ ਕਰਨਗੇ ਨਹੀਂ ਤਾਂ ਸੰਘਰਸ਼ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।
ਦੱਸਣਯੋਗ ਹੈ ਕਿ ਪਿਛਲੇ 35 ਦਿਨਾਂ ਤੋਂ ਸਰਕਾਰੀ ਦਫ਼ਤਰਾਂ ’ਚ ਹੜਤਾਲ ਕਾਰਨ ਆਮ ਲੋਕ ਖੱਜਲ-ਖੁਆਰ ਹੋ ਰਹੇ ਹਨ। ਮੁਲਾਜ਼ਮ ਅਤੇ ਅਧਿਕਾਰੀ ਤਨਖਾਹਾਂ ਤੋਂ ਵਾਂਝੇ ਹੋਏ ਬੈਠੇ ਹਨ। ਉਧਰ ਲੁਧਿਆਣਾ ਦੀਆਂ ਤਹਿਸੀਲਾਂ ’ਚ ਰਜਿਸਟਰੀਆਂ ਦਾ ਕੰਮਕਾਜ ਠੱਪ ਹੋਣ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ।
‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਟਰਾਂਸਪੋਰਟ ਨਗਰ ’ਚ ਸਥਿਤ ਪੂਰਬੀ ਤਹਿਸੀਲ ਦਾ ਦੌਰਾ ਕੀਤਾ ਗਿਆ। ਤਹਿਸੀਲ ’ਚ ਸਥਿਤ ਫਰਦ ਕੇਂਦਰ ਖੁੱਲ੍ਹਾ ਸੀ, ਜਦਕਿ ਰਜਿਸਟਰਾਰ ਦੇ ਦਫ਼ਤਰ ਦੀਆਂ ਕੁਰਸੀਆਂ ਖਾਲੀ ਪਈਆਂ ਸਨ। ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਗ਼ੈਰ-ਹਾਜ਼ਰੀ ਕਰ ਕੇ ਲੋਕ ਖੱਜਲ-ਖੁਆਰ ਹੋ ਰਹੇ ਸਨ। ਤਹਿਸੀਲ ਵਿਚ ਰਜਿਸਟਰਾਰ ਅਤੇ ਆਰਸੀ ਨਾਲ ਸਬੰਧਤ ਤਹਿਸੀਲਾਂ ਵਿੱਚ ਕੋਈ ਕੰਮ ਨਹੀਂ ਹੋ ਰਿਹਾ, ਜਦਕਿ ਫਰਦ ਕੇਂਦਰਾਂ ਤੋਂ ਲੋਕ ਸਿਰਫ਼ ਫਰਦਾਂ ਕਢਵਾ ਰਹੇ ਸਨ।
‘ਸਰਕਾਰ ਦੇ ਅੜੀਅਲ ਵਤੀਰੇ ਕਾਰਨ ਮੁਲਾਜ਼ਮ ਹੜਤਾਲ ਲਈ ਮਜਬੂਰ’
ਗੁਰਚਰਨ ਸਿੰਘ ਸਿਵਲ ਸਰਜਨ ਦਫਤਰ, ਅਮਰਜੀਤ ਸਿੰਘ ਵਾਟਰ ਸਪਲਾਈ ਅਤੇ ਏਪੀ ਮੋਰਿਆ ਲੋਕ ਨਿਰਮਾਣ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਹੀ ਪੰਜਾਬ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਸਮੁੱਚਾ ਮੁਲਾਜ਼ਮ ਵਰਗ ਆਪਣੀਆਂ ਬੁਨਿਆਦੀ ਮੰਗਾਂ ਲਈ ਦਰੀਆਂ ’ਤੇ ਬੈਠਾ ਹੋਇਆ ਹੈ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਸ ਦੌਰਾਨ ਸੂਬਾ ਵਧੀਕ ਜਰਨਲ ਸਕੱਤਰ ਅਮਿਤ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਦੱਸਿਆ ਕਿ ਸੂਬਾ ਇਕਾਈ ਵੱਲੋਂ ਇਸ ਹੜਤਾਲ ’ਚ 16 ਦਸੰਬਰ 2023 ਤਕ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ।
ਕੀ ਕਹਿਣਾ ਹੈ ਲੋਕਾਂ ਦਾ
ਪੂਰਬੀ ਤਹਿਸੀਲ ’ਚ ਰਜਿਸਟਰੀ ਕਰਵਾਉਣ ਦੀ ਉਮੀਦ ਲੈ ਕੇ ਆਏ ਹਰਗੋਬਿੰਦ ਨਗਰ ਵਾਸੀ ਮਿੰਟੂ ਗਿਰੀ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਤਹਿਸੀਲ ਦੇ ਚੱਕਰ ਕੱਟ ਰਿਹਾ ਹੈ, ਪਰ ਹੜਤਾਲ ਹੋਣ ਕਾਰਨ ਰਜਿਸਟਰੀਆਂ ਨਹੀਂ ਹੋ ਰਹੀਆਂ। ਸੋਮਵਾਰ ਨੂੰ ਉਹ ਇਕ ਵਾਰ ਫਿਰ ਉਹ ਰਜਿਸਟਰੀ ਕਰਵਾਉਣ ਦੀ ਉਮੀਦ ਲੈ ਕੇ ਆਇਆ ਸੀ, ਪਰ 1 ਵੱਜ ਗਿਆ ਹੈ, ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਉਸ ਨੂੰ ਰਜਿਸਟਰੀ ਹੋਣ ਦੀ ਉਮੀਦ ਨਹੀਂ ਹੈ, ਜਦਕਿ ਮੈਨੂੰ ਰਜਿਸਟਰੀ ਲਿਖਣ ਵਾਲੇ ਨੇ ਤਹਿਸੀਲ ’ਚ ਬੁਲਾਇਆ ਹੈ।


