ਨਵੀਂ ਦਿੱਲੀ, ਆਈਏਐੱਨਐੱਸ: ਕਤਰ ‘ਚ ਭਾਰਤੀ ਰਾਜਦੂਤ ਨੇ ਉਨ੍ਹਾਂ ਅੱਠ ਸਾਬਕਾ ਭਾਰਤੀ ਨੇਵੀ ਅਫਸਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਾਬਕਾ ਨੇਵੀ ਅਫ਼ਸਰਾਂ ਤੱਕ ਸਾਰੀ ਕਾਨੂੰਨੀ ਅਤੇ ਡਿਪਲੋਮੈਟ ਪਹੁੰਚ ਪ੍ਰਦਾਨ ਕਰ ਰਿਹਾ ਹੈ।

ਸਾਬਕਾ ਨੇਵੀ ਅਫ਼ਸਰਾਂ ਨਾਲ ਭਾਰਤੀ ਰਾਜਦੂਤ ਨੇ ਕੀਤੀ ਮੁਲਾਕਾਤ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੇ ਰਾਜਦੂਤ ਨੇ ਤਿੰਨ ਦਸੰਬਰ ਨੂੰ ਜੇਲ੍ਹ ਵਿੱਚ ਬੰਦ ਸਾਰੇ ਅੱਠ ਲੋਕਾਂ ਨਾਲ ਮੁਲਾਕਾਤ ਕੀਤੀ। ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਕਾਨੂੰਨੀ ਅਤੇ ਡਿਪਲੋਮੈਟ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 30 ਨਵੰਬਰ ਅਤੇ 23 ਸਤੰਬਰ ਨੂੰ ਦੋ ਸੁਣਵਾਈਆਂ ਹੋ ਚੁੱਕੀਆਂ ਹਨ।

ਮੌਤ ਦੀ ਸਜ਼ਾ ‘ਤੇ ਭਾਰਤੀ ਅਪੀਲ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਦੱਸਿਆ,


”ਭਾਰਤ ਨੇ ਇਕ ਅਪੀਲ ਦਾਇਰ ਕੀਤੀ ਹੈ ਅਤੇ ਅਗਲੀ ਸੁਣਵਾਈ ਵੀ ਜਲਦ ਹੀ ਹੋਣ ਵਾਲੀ ਹੈ। ਅਸੀਂ ਉਨ੍ਹਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ।”

ਪੀਐੱਮ ਮੋਦੀ ਅਤੇ ਕਤਰ ਦੇ ਸ਼ੇਖ ਵਿਚਾਲੇ ਹੋਈ ਸੀ ਮੁਲਾਕਾਤ

ਅਰਿੰਦਮ ਬਾਗਚੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੀਓਪੀ 28 ਸੰਮੇਲਨ ਦੌਰਾਨ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਨਾਲ ਮੁਲਾਕਾਤ ਕਰਦੇ ਵੇਖਿਆ ਹੋਵੇਗਾ। ਉਨ੍ਹਾਂ ਵਿਚਕਾਰ ਚੰਗੀ ਗੱਲਬਾਤ ਹੋਈ ਹੈ।

ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ

ਜ਼ਿਕਰਯੋਗ ਹੈ ਕਿ ਕਤਰ ਅਧਿਕਾਰੀਆਂ ਨੇ ਇਜਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਪਿਛਲੇ ਸਾਲ ਅੱਠ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਸਾਰੇ ਭਾਰਤੀ ਨੇਵੀ ਦੇ ਸਾਬਕਾ ਅਫ਼ਸਰ ਹਨ ਅਤੇ ਇਨ੍ਹਾਂ ਵਿੱਚ ਸਾਬਕਾ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ।

ਜਾਣਕਾਰੀ ਅਨੁਸਾਰ, ਉਹ ਇੱਕ ਨਿੱਜੀ ਫਰਮ ਦਾਹਰਾ ਗਲੋਬਲ ਟੈਕਨਾਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼ ਲਈ ਕੰਮ ਕਰ ਰਹੇ ਸਨ, ਜੋ ਕਤਰ ਦੇ ਹਥਿਆਰਬੰਦ ਬਲਾਂ ਨੂੰ ਸਿਖਲਾਈ ਅਤੇ ਸਬੰਧਿਤ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ ਸਾਬਕਾ ਨੇਵੀ ਅਫ਼ਸਰਾਂ ਦੀਆਂ ਜ਼ਮਾਨਤ ਅਰਜ਼ੀਆਂ ਕਈ ਵਾਰ ਖਾਰਜ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਹਿਰਾਸਤ ਵਧਾ ਦਿੱਤੀ ਗਈ। ਕਤਰ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।