ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸਰਾਭਾ ਨਗਰ ਦੇ ਜੇ ਬਲਾਕ ਇਲਾਕੇ ਦੀ ਇੱਕ ਕੋਠੀ ਅੰਦਰ ਦਾਖਲ ਹੋ ਕੇ ਔਰਤ ਦੇ ਸਿਰ ਵਿੱਚ ਹਥੌੜਾ ਮਾਰ ਕੇ ਘਰ ਵਿੱਚ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਬੁੱਧਵਾਰ ਦੁਪਹਿਰ ਤੋਂ ਬਾਅਦ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ l ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਾਲਮੀਕਿ ਮੁਹੱਲਾ ਮਹਾਰਾਜਾ ਨਗਰ ਦੇ ਰਹਿਣ ਵਾਲੇ ਆਕਾਸ਼ ਗੋਗਲਾ ਤੇ ਵਿਸ਼ਾਲ ਮੈਗਾ ਮਾਰਟ ਨੇੜੇ ਘਨਈਆ ਢਾਬਾ ਦੇ ਵਾਸੀ ਮਨੀਸ਼ ਕੁਮਾਰ ਆਰਿਆ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਵਾਰਦਾਤ ਵਿੱਚ ਵਰਤਿਆ ਗਿਆ ਹਥੌੜਾ ਵੀ ਬਰਾਮਦ ਕਰ ਲਿਆ ਹੈ।
ਇਹ ਸੀ ਸਾਰਾ ਮਾਮਲਾ
ਸਰਾਭਾ ਨਗਰ ਜੇ ਬਲਾਕ ਦੀ ਰਹਿਣ ਵਾਲੀ ਕੁਸਮ ਲਤਾ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਲੀ ਤੋਂ ਕੁਝ ਦਿਨ ਪਹਿਲੋਂ ਉਨ੍ਹਾਂ ਨੇ ਆਪਣੇ ਘਰ ਵਿੱਚ ਲੱਕੜ ਦਾ ਕੰਮ ਸ਼ੁਰੂ ਕਰਵਾਇਆ ਸੀ। ਕੰਮ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਮਿਸਤਰੀਆਂ ਦਾ ਪੂਰਾ ਭੁਗਤਾਨ ਕਰ ਦਿੱਤਾ। ਕੁਸੁਮ ਲਤਾ ਨੇ ਸ਼ਿਕਾਇਤ ‘ਚ ਦੱਸਿਆ ਕਿ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ ਆਕਾਸ਼ ਤੇ ਮਨੀਸ਼ ਉਨ੍ਹਾਂ ਦੇ ਘਰ ਅੰਦਰ ਇਹ ਕਹਿ ਕੇ ਦਾਖਲ ਹੋ ਗਏ ਕਿ ਉਨ੍ਹਾਂ ਦੇ ਕੰਮ ਦਾ ਬਕਾਇਆ ਰਹਿੰਦਾ l ਔਰਤ ਨੇ ਦੱਸਿਆ ਕਿ ਘਰ ਅੰਦਰ ਦਾਖਲ ਹੁੰਦੇ ਹੀ ਮੁਲਜ਼ਮ ਅਲਮਾਰੀਆਂ ਦੇ ਕੋਲ ਜਾ ਕੇ ਸੇਫ ਖੋਲ੍ਹਣ ਲੱਗ ਪਏl ਔਰਤ ਵੱਲੋਂ ਰੌਲਾ ਪਾਉਣ ਤੇ ਮੁਲਜ਼ਮਾਂ ਚੋਂ ਇੱਕ ਨੇ ਹਥੌੜਾ ਕੱਢ ਕੇ ਉਸਦੇ ਸਿਰ ਵਿੱਚ ਮਾਰ ਦਿੱਤਾ। ਬੁਰੀ ਤਰ੍ਹਾਂ ਲਹੂ ਲੁਹਾਨ ਹੋ ਕੇ ਕੁਸਮ ਲਤਾ ਜ਼ਮੀਨ ‘ਤੇ ਡਿੱਗ ਪਈ l ਇਸੇ ਦੌਰਾਨ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ l ਇਲਾਕੇ ਦੇ ਹੀ ਕੁਝ ਵਿਅਕਤੀਆਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ l ਲੋਕਾਂ ਦੀ ਮਦਦ ਨਾਲ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ l ਥਾਣਾ ਡਿਵੀਜ਼ਨ ਨੰਬਰ ਪੰਜ ਦੇ ਮੁਖੀ ਨੀਰਜ ਚੌਧਰੀ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰਕੇ ਹੋਰ ਜਾਣਕਾਰੀਆਂ ਇਕੱਠੀ ਕਰੇਗੀ l


