ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਸੰਸਾਰ ਏਡਜ਼ ਦਿਹਾੜੇ ’ਤੇ ਏਡਜ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਜੇਰੇ ਨਿਗਰਾਨੀ ਹੇਠ ਲਗਾਏ ਗਏ ਇਸ ਕੈਂਪ ਵਿਚ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ, ਮੁਲਾਜ਼ਮ ਅਤੇ ਸਟਾਫ਼ ਨੇ ਸ਼ਮੂਲੀਅਤ ਕੀਤੀ। ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਨੂੰ ਮਾਹਰ ਡਾਕਟਰਾਂ ਅਤੇ ਪੁਲਿਸ ਲਾਈਨ ਦੇ ਡਾਕਟਰ ਅਮਨ ਸ਼ਰਮਾ ਵੱਲੋਂ ਜਾਗਰੂਕਤਾ ਤੋਂ ਇਲਾਵਾ ਏਡਜ਼ ਦੇ ਕਾਰਨ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ।
ਐਸਪੀ ਮਨਵਿੰਦਰਵੀਰ ਸਿੰਘ ਦੀ ਅਗਵਾਈ ਹੇਠ ਇਸ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਮਾਹਰਾਂ ਨੇ ਦੱਸਿਆ ਕਿ ਕਿਸੇ ਸਮੇਂ ਏਡਜ਼ ਦਾ ਮੁੱਖ ਕਾਰਨ ਅਣਸੁਰੱਖਿਅਤ ਸੈਕਸ ਨੂੰ ਮੰਨਿਆ ਜਾਂਦਾ ਸੀ ਪਰ ਹੁਣ ਇਸ ਦਾ ਮੁੱਖ ਕਾਰਨ ਨਸ਼ਾ ਹੈ। ਜਿਸ ਦੇ ਵਿਚ ‘ਚਿੱਟੇ’ ਦਾ ਨਸ਼ਾ ਕਰਨ ਵਾਲੇ ਇੱਕੋ ਸਰਿੰਜ ਦੀ ਵਰਤੋਂ ਕਰਦੇ ਹਨ। ਅਜਿਹਾ ਕਰਨ ਨਾਲ ਜੇ ਕਿਸੇ ਇੱਕ ਨੂੰ ਏਡਜ਼ ਹੋਵੇ ਤਾਂ ਉਸੇ ਸਰਿੰਜ ਨੂੰ ਜਿੰਨੇ ਵੀ ਵਿਅਕਤੀ ਵਰਤਨਗੇ, ਉਨ੍ਹਾਂ ਨੂੰ ਏਡਜ਼ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚੋਂ ਲੁਧਿਆਣਾ ਜ਼ਿਲ੍ਹੇ ’ਚ ਸਭ ਨਾਲੋਂ ਵੱਧ 1660 ਏਡਜ਼ ਪੀੜਤ ਮਰੀਜ਼ ਹਨ। ਇਨ੍ਹਾਂ ਵਿਚ ਜੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਗਰਾਓਂ ’ਚ ਇਹ ਗਿਣਤੀ ਸਭ ਨਾਲੋਂ ਵੱਧ ਹੈ। ਉਨ੍ਹਾਂ ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਏਡਜ਼ ਦਾ ਇਲਾਜ ਸੰਭਵ ਹੈ।
ਇਹ ਇਲਾਜ਼ ਜਗਰਾਓਂ ਸਿਵਲ ਹਸਪਤਾਲ ਦੇ ਏਆਰਟੀ ਸੈਂਟਰ ਵਿਖੇ ਬਿਲਕੁਲ ਮੁਫਤ ਹੈ। ਉਨ੍ਹਾਂ ਦੱਸਿਆ ਕਿ ਏਡਜ਼ ਪੀੜਤ ਮਰੀਜ਼ ਸਿਰਫ ਇੱਕ ਗੋਲੀ ਨਾਲ ਏਡਜ਼ ਨਾਲ ਲੜਾਈ ਲੜ ਸਕਦਾ ਹੈ ਅਤੇ ਆਮ ਵਿਅਕਤੀ ਵਾਂਗ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਜੀ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਏਡਜ਼ ਹੋਣ ’ਤੇ ਪੀੜਤ ਇਸ ਦੇ ਇਲਾਜ ਦੀ ਤਾਂ ਦੂਰ, ਇਸ ਬੀਮਾਰੀ ਨੂੰ ਕਿਸੇ ਨੂੰ ਦੱਸਣ ਤਕ ਤੋਂ ਗੁਰੇਜ਼ ਕਰਦਾ ਹੈ। ਉਨ੍ਹਾਂ ਏਡਜ਼ ਦੀ ਰੋਕਥਾਮ ਲਈ ਅਣਸੁਰੱਖਿਅਤ ਸੈਕਸ ਤੋਂ ਦੂਰ ਰਹਿਣ ਅਤੇ ਨਸ਼ੇ ਨਾ ਕਰਨ ਦਾ ਸੁਨੇਹਾ ਦਿੱਤਾ।
ਹੁਣ ਮੁਲਜ਼ਮਾਂ ਦਾ ਹੋਵੇਗਾ ਏਡਜ਼ ਟੈਸਟ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਧੀਨ ਸਾਰੇ ਥਾਣਿਆਂ ਵਿਚ ਦਰਜ ਹੁੰਦੇ ਵੱਖ ਵੱਖ ਮੁਕੱਦਮਿਆਂ ’ਚ ਗ੍ਰਿਫ਼ਤਾਰ ਕੀਤੇ ਜਾਂਦੇ ਮੁਲਜ਼ਮਾਂ ਦਾ ਮੈਡੀਕਲ ਦੇ ਨਾਲ ਨਾਲ ਏਡਜ਼ ਟੈਸਟ ਵੀ ਹੋਵੇਗਾ। ਇਸ ਸਬੰਧ ਵਿਚ ਸਮੂਹ ਥਾਣਿਆਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਫੈਸਲਾ ਅੱਜ ਏਡਜ਼ ਜਾਗਰੂਕਤਾ ਵਿਚ ਲਿਆ ਗਿਆ ਤਾਂ ਕਿ ਏਡਜ਼ ਪੀੜਤਾਂ ਨੂੰ ਬਚਾਉਣਾ ਅਤੇ ਇਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।


