ਜ.ਸ, ਲੁਧਿਆਣਾ : ਪੰਜਾਬ ਦੇ ਸਭ ਤੋਂ ਵੱਡੇ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ’ਤੇ ਕਈ ਵਾਰ ਫਾਸਟੈਗ ਸਕੈਨਰ (FASTag Scanner) ਵਾਹਨ ਚਾਲਕਾਂ ਲਈ ਮੁਸੀਬਤ ਬਣ ਰਹੇ ਹਨ। ਫਾਸਟੈਗ ਸਕੈਨ ਨਾ ਹੋਣ ਕਾਰਨ ਹੈਂਡੀ ਮਸ਼ੀਨਾਂ ਰਾਹੀਂ ਵਾਹਨਾਂ ਦੇ ਸਟਿੱਕਰਾਂ ਨੂੰ ਸਕੈਨ ਕਰਨਾ ਪੈ ਰਿਹਾ ਹੈ। ਇਸ ਕਾਰਨ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਕਈ ਵਾਰ ਟੋਲ ਪਲਾਜ਼ਾ ’ਤੇ ਇਹ ਝਗੜੇ ਦਾ ਕਾਰਨ ਵੀ ਬਣ ਰਿਹਾ ਹੈ। ਆਮ ਲੋਕਾਂ ਦੀ ਮੰਨੀਏ ਤਾਂ ਟੋਲ ਪਲਾਜ਼ਾ ਦੇ ਸਕੈਨਰ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਹਨ, ਜਦਕਿ ਦੂਜੇ ਪਾਸੇ ਟੋਲ ਪਲਾਜ਼ਾ ਮੈਨੇਜਰ ਗੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੈਨਰਜ਼ ਕੋਈ ਪਰੇਸ਼ਾਨੀ ਨਹੀਂ ਹੈ। ਲੋਕਾਂ ਦੇ ਫਾਸਟੈਗ ’ਚ ਦਿੱਕਤ ਹੈ। ਇਸ ਕਾਰਨ ਸਕੈਨਰ ਨਹੀਂ ਹੋ ਪਾ ਰਹੇ।
ਸ਼ਨਿਚਰਵਾਰ ਨੂੰ ‘ਜਾਗਰਣ’ ਟੀਮ ਨੇ ਮੌਕੇ ’ਤੇ ਲਾਡੋਵਾਲ ਟੋਲ ਪਲਾਜ਼ਾ ਦੇ ਹਾਲਾਤ ਚੈੱਕ ਕੀਤੇ। ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਟਾਟਾ-407 ਦਾ ਫਾਸਟੈਗ ਸਕੈਨ ਨਹੀਂ ਹੋ ਰਿਹਾ ਸੀ। ਅਖ਼ੀਰ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਤੁਰੰਤ ਹੈਂਡੀ ਮਸ਼ੀਨ ਰਾਹੀਂ ਇਸ ਨੂੰ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸਫ਼ਲਤਾ ਨਹੀਂ ਮਿਲੀ। ਆਖ਼ਿਰਕਾਰ ਮੈਨੂੰਅਲ ਢੰਗ ਨਾਲ ਹੈਂਡੀ ਮਸ਼ੀਨ ’ਚ ਗੱਡੀ ਦਾ ਨੰਬਰ ਪਾਇਆ ਗਿਆ ਤਾਂ ਪਤਾ ਲੱਗਾ ਕਿ ਗੱਡੀ ਦਾ ਨੰਬਰ ਫਾਸਟੈਗ ਨਾਲ ਮੈਚ ਨਹੀਂ ਕਰ ਰਿਹਾ ਸੀ। ਡਰਾਈਵਰ ਨੇ ਇਸ ਦੀ ਸੂਚਨਾ ਮਾਲਕ ਨੂੰ ਦਿੱਤੀ। ਇਸ ਪੂਰੀ ਪ੍ਰਕਿਰਿਆ ’ਚ ਕਰੀਬ ਪੰਜ ਮਿੰਟ ਲੱਗੇ। ਲੁਧਿਆਣਾ ਤੋਂ ਜਲੰਧਰ ਵੱਲੋਂ ਜਾ ਰਹੀ ਘਰੇਲੂ ਗੱਡੀ ਨਾਲ ਵੀ ਅਜਿਹਾ ਹੀ ਹੋਇਆ। ਟੋਲ ਪਲਾਜ਼ਾ ਦੇ ਸਕੈਨਰ ਨੇ ਫਾਸਟੈਗ ਨੂੰ ਸਕੈਨ ਨਹੀਂ ਕੀਤਾ।
ਅਖ਼ੀਰ ਔਰਤ ਨੇ ਟੋਲ ਮੁਲਾਜ਼ਮ ਨੇ ਤੁਰੰਤ ਹੈਂਡੀ ਸਕੈਨਰ ਨਾਲ ਗੱਡੀ ਨੂੰ ਸਕੈਨ ਕੀਤਾ। ਇਸ ਤੋਂ ਬਾਅਦ ਟੋਲ ਫੀਸ ਕਲੀਅਰ ਹੋ ਸਕੀ। ਇਸ ਤੋਂ ਬਾਅਦ ਹੀ ਬੂਮ ਬੈਰੀਅਰ ਖੁੱਲ੍ਹਾ ਤੇ ਗੱਡੀ ਅੱਗੇ ਜਾ ਸਕੀ। ਇਸ ਪ੍ਰਕਿਰਿਆ ’ਚ ਕਰੀਬ ਇਕ ਮਿੰਟ ਦਾ ਸਮਾਂ ਲੱਗਾ। ਫਾਸਟੈਗ ਸਕੈਨ ਹੋਣ ਪਿੱਛੇ ਟੋਲ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕਈ ਵਾਰ ਗੱਡੀ ਦਾ ਸ਼ੀਸ਼ਾ ਸਾਫ਼ ਨਹੀਂ ਹੁੰਦਾ ਹੈ, ਜਿਸ ਕਾਰਨ ਦਿੱਕਤ ਪੇਸ਼ ਆਉਂਦੀ ਹੈ।
ਸਭ ਤੋਂ ਮਹਿੰਗੇ ਟੋਲ ਪਲਾਜ਼ਾ ’ਤੇ ਪਖਾਨੇ ਨੂੰ ਜਿੰਦਰਾ
ਲੁਧਿਆਣਾ ਦੇ ਸਤਲੁਜ ਦਰਿਆ ’ਤੇ ਬਣਿਆ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਲੁਧਿਆਣਾ ਤਂ ਜਲੰਧਰ ਜਾਂਦੇ ਸਮੇਂ ਕਾਰ-ਜੀਪ-ਵੈਨ ਤੋਂ ਇਕ ਪਾਸੇ ਦੇ 215 ਰੁਪਏ ਵਸੂਲੇ ਜਾਂਦੇ ਹਨ। ਆਉਣ-ਜਾਣ ’ਤੇ ਵਾਹਨ ਚਾਲਕ ਤੋਂ 325 ਰੁਪਏ ਟੋਲ ਵਜੋਂ ਵਸੂਲੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇੰਨੇ ਮਹਿੰਗੇ ਟੋਲ ਪਲਾਜ਼ਾ ’ਤੇ ਵਾਹਨ ਚਾਲਕਾਂ ਲਈ ਬਣੇ ਪਖਾਨੇ ਨੂੰ ਜਿੰਦਰਾ ਲੱਗਾ ਹੋਇਆ ਹੈ। ਇਸ ਪਖਾਨੇ ਦੇ ਬਾਹਰ ਕਿਸੇ ਤਰ੍ਹਾਂ ਦਾ ਸੰਕੇਤ ਵੀ ਨਹੀਂ ਦਿੱਤਾ ਹੈ ਕਿ ਇਥੇ ਪਖਾਨਾ ਹੈ। ਪਖਾਨੇ ਦੇ ਬਾਹਰ ਮਹਿਲਾ ਜਾਂ ਪੁਰਸ਼ ਪਖਾਨੇ ਬਾਰੇ ਵੀ ਕੁਝ ਨਹੀਂ ਲਿਖਿਆ ਹੈ। ਜਲੰਧਰ ਤੋਂ ਲੁਧਿਆਣਾ ਆ ਰਹੇ ਵਾਹਨ ਚਾਲਕਾਂ ਨੂੰ ਪਖਾਨੇ ਦੀ ਸਹੂਲਤ ਟੋਲ ਟੈਕਸ ਦੇਣ ਦੇ ਬਾਅਦ ਕੁਝ ਮੀਟਰ ਅੱਗੇ ਜਾ ਆ ਕੇ ਖੱਬੇ ਹੱਥ ਦਿੱਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਲੁਧਿਆਣਾ ਤੋਂ ਜਲੰਧਰ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਦੂਸਰੇ ਪਾਸੇ ਪਖਾਨੇ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ।
ਟੋਲ ਪਲਾਜ਼ਾ ’ਤੇ ਇਕ ਨਜ਼ਰ
ਕੁੱਲ ਲੇਨ – 22
ਓਵਰ ਸਾਈਜ਼ ਵਾਹਨਾਂ ਲਈ – 02
ਵੀਆਈਪੀ ਵਾਹਨਾਂ ਲਈ – 02
ਬਾਕੀ ਵਾਹਨਾਂ ਲਈ – 18
ਦੋਪਹੀਆ ਵਾਹਨਾਂ ਲਈ – 02
ਫਾਸਟੈਗ ਦਾ ਰੱਖੋ ਖਿਆਲ
- ਫਾਸਟੈਗ ਦੇ ਫਟਣ ਜਾਂ ਪੁਰਾਣਾ ਹੋਣ ’ਤੇ ਨਵਾਂ ਸਟਿੱਕਰ ਲਗਵਾਓ
- ਨਵੀਂ ਗੱਡੀ ਦਾ ਫਾਸਟੈਗ ਤਿੰਨ ਮਹੀਨੇ ਬਾਅਦ ਨੰਬਰ ਨਾਲ ਕਰਵਾਓ ਅਪਡੇਟ
- ਫਰੰਟ ਸ਼ੀਸ਼ੇ ’ਤੇ ਫਾਸਟੈਗ ਦੀ ਜਗ੍ਹਾ ਵਾਲੀ ਥਾਂ ’ਤੇ ਸ਼ੀਸ਼ੇ ਨੂੰ ਰੱਖੋ ਸਾਫ਼
- ਫਾਸਟੈਗ ਖਾਤੇ ’ਚ ਰੱਖੋ ਲੋੜੀਂਦੇ ਪੈਸੇ


