ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਅੰਦਰ ਸੋਨੇ ਦਾ ਕਾਰੋਬਾਰ ਕਰਦੇ ਆਸ਼ੂ ਜਿਊਲਰ ਵਾਲਿਆਂ ਦੇ ਘਰ ‘ਚ ਅਚਾਨਕ ਲੱਗ ਜਾਣ ਕਾਰਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਪਰ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰਿਵਾਰਕ ਮੁਖੀ ਸਤੀਸ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਸ਼ਾਮ ਸਾਰਾ ਪਰਿਵਾਰ ਜਲੰਧਰ ਕਿਸੇ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ, ਅਜੇ ਉਹ ਰਸਤੇ ‘ਚ ਹੀ ਸਨ ਤਾਂ ਉਨ੍ਹਾਂ ਦੇ ਗੁਆਂਢੀ ਦੀਪਕ ਕੁਮਾਰ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਘਰ ‘ਚੋਂ ਅੱਗ ਦਾ ਧੂੰਆ ਨਿਕਲ ਰਿਹਾ ਹੈ। ਇਹ ਸੁਣਦਿਆਂ ਸਾਰ ਹੀ ਉਹ ਵਾਪਸ ਮੁੜ ਪਏ। ਜਦੋਂ ਘਰ ਆ ਕੇ ਦੇਖਿਆ ਤਾਂ ਘਰ ਅੰਦਰ ਪਿਆ ਸਾਰਾ ਸਾਮਾਨ ਬੁਰੀ ਤਰਾਂ੍ਹ ਸੜ ਚੁੱਕਾ ਸੀ ਤੇ ਘਰ ਦੀ ਦੂਜੀ ਮੰਜ਼ਿਲ ਤਕ ਵੀ ਅੱਗ ਪਹੁੰਚ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਗੁਆਂਢੀ ਦੀਪਕ ਕੁਮਾਰ ਨੇ ਹੀ ਘਰ ਤੋਂ ਕੁੱਝ ਕੁ ਦੂਰੀ ‘ਤੇ ਸਥਿਤ ਫਾਇਰ ਸਟੇਸ਼ਨ ‘ਤੇ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਤੁਰੰਤ ਮੌਕੇ ‘ਤੇ ਪੁੱਜ ਕੇ ਦੋ ਅੱਗ ਬੁਝਾਊ ਗੱਡੀਆਂ ਦੀ ਮੱਦਦ ਨਾਲ ਕਰੀਬ ਇੱਕ ਘੰਟੇ ਦੀ ਜਦੋਂ ਜਹਿਦ ਬਾਅਦ ਅੱਗ ‘ਤੇ ਕਾਬੂ ਤਾਂ ਪਾ ਲਿਆ ਪਰ ਇੰਨੇ ਨੂੰ ਸਭ ਕੁੱਝ ਬਰਬਾਦ ਹੋ ਚੁੱਕਾ ਸੀ। ਸਤੀਸ਼ ਕੁਮਾਰ ਅਨੁਸਾਰ ਉਨ੍ਹਾਂ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਆਰਥਿਕ ਨੁਕਸਾਨ ਤੇ ਅਤੀ ਜ਼ਰੂਰੀ ਕਾਗਜ਼ਾਤ ਵੀ ਅੱਗ ਦੀ ਭੇਟ ਚੜ੍ਹ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ।