ਪੀਟੀਆਈ, ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਬੇਟੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਬੇਟੇ ਨੇ ਗੁੱਸੇ ਵਿਚ ਇਹ ਘਿਨਾਉਣਾ ਅਪਰਾਧ ਕੀਤਾ ਕਿਉਂਕਿ ਉਸ ਦੀ ਮਾਂ ਨੇ ਸੁਆਦੀ ਭੋਜਨ ਨਹੀਂ ਪਰੋਸਿਆ ਸੀ।

ਅਕਸਰ ਆਪਣੀ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ ਮੁਲਜ਼ਮ

ਠਾਣੇ ਦਿਹਾਤੀ ਪੁਲਿਸ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਮੁਰਬਾਡ ਤਾਲੁਕਾ ਦੇ ਦੇ ਵੇਲੂ ਪਿੰਡ ਵਿੱਚ ਵਾਪਰੀ। 55 ਸਾਲਾ ਔਰਤ ਤੇ ਉਸ ਦੇ ਬੇਟੇ ਵਿਚਕਾਰ ਘਰੇਲੂ ਝਗੜੇ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਪੁਲਿਸ ਨੇ ਐੱਫਆਈਆਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਤਵਾਰ ਨੂੰ ਉਸ ਦਾ ਆਪਣੀ ਮਾਂ ਨਾਲ ਫਿਰ ਝਗੜਾ ਹੋਇਆ ਅਤੇ ਸ਼ਿਕਾਇਤ ਸੀ ਕਿ ਉਹ ਨਾ ਹੀ ਸੁਆਦੀ ਭੋਜਨ ਬਣਾਉਂਦੀ ਅਤੇ ਨਾ ਹੀ ਪਰੋਸਦੀ ਹੈ।

ਆਪਣੀ ਮਾਂ ਦੀ ਗਰਦਨ ‘ਤੇ ਦਾਤਰੀ ਨਾਲ ਕੀਤਾ ਹਮਲਾ

ਅਧਿਕਾਰੀ ਨੇ ਦੱਸਿਆ ਕਿ ਗੁੱਸੇ ‘ਚ ਆ ਕੇ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਮਾਂ ਦੀ ਗਰਦਨ ‘ਤੇ ਦਾਤਰੀ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਆਸ-ਪਾਸ ਦੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ।

ਮੁਲਜ਼ਮ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ

ਘਟਨਾ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ ‘ਤੇ ਨੀਂਦ ਦੀਆਂ ਗੋਲੀਆਂ ਦੀ ਓਵਰਡੋਜ਼ ਲੈ ਲਈ। ਅਧਿਕਾਰੀ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸੋਮਵਾਰ ਨੂੰ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕੀਤਾ ਗਿਆ।