ਪੱਤਰ ਪੇ੍ਰਰਕ, ਖੰਨਾ : ਪਿੰਡ ਬੀਜਾ ਵਿਖੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਰਮਨਦੀਪ ਸਿੰਘ ਉਰਫ ਸੋਨੂੰ (32), ਵਾਸੀ ਪਿੰਡ ਗੰਡਵਾਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਪੁਲਿਸ ਨੂੰ ਲਿਖਾਈ ਸ਼ਿਕਾਇਤ ‘ਚ ਰਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਉਸ ਦਾ ਲੜਕਾ ਆਪਣੇ ਮੋਟਰਸਾਈਕਲ ‘ਤੇ ਖੰਨਾ ਤੋਂ ਵਾਪਸ ਫਗਵਾੜਾ ਜਾ ਰਿਹਾ ਸੀ। ਜਦੋਂ ਉਹ ਮਹਿੰਦੀਪੁਰ ਨੇੜੇ ਪੈਟਰੋਲ ਪੰਪ ਕੋਲ ਪੁੱਜਾ ਤਾਂ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਨੂੰ ਜ਼ਖ਼ਮੀ ਹਾਲਤ ‘ਚ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਲਿਜਾਣ ਸਮੇਂ ਰਸਤੇ ‘ਚ ਮੌਤ ਹੋ ਗਈ। ਪੁਲਿਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਖੰਨਾ ਵਿਖੇ ਭੇਜ ਦਿੱਤੀ ਹੈ। ਪੁਲਿਸ ਨੇ ਥਾਣਾ ਸਦਰ ਖੰਨਾ ਵਿਖੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।