ਕਿਰਨਵੀਰ ਮਾਂਗਟ, ਕੋਹਾੜਾ : ਥਾਣਾ ਕੂੰਮਕਲਾਂ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾ ਕੇ ਮੌਤ ਹੋ ਜਾਣ ਤਹਿਤ ਕੂੰਮਕਲਾਂ ਪੁਲਿਸ ਵੱਲੋਂ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਚੌਕੀ ਕਟਾਣੀ ਕਲਾਂ ਦੇ ਇੰਚਾਰਜ ਧਰਮਪਾਲ ਅਨੁਸਾਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਲੜਕਾ ਗੰਗਾ ਸਿੰਘ ਅਤੇ ਗੁਰਮੇਲ ਸਿੰਘ ਜੋ ਕਿ ਨਸ਼ਾ ਕਰਨ ਦੇ ਆਦੀ ਹਨ ਅਤੇ ਬੀਤੇ ਦਿਨ ਗੰਗਾ ਸਿੰਘ ਅਤੇ ਗੁਰਮੇਲ ਸਿੰਘ ਬਿਨਾਂ ਕੁਝ ਦੱਸੇ ਕਿੱਧਰੇ ਚਲੇ ਗਏ। ਉਹਨਾਂ ਦੀ ਭਾਲ ਕਰਦਾ ਪਿੰਡ ਗਾਹੀ ਭੈਣੀ ਤੋਂ ਰਤਨਗੜ ਲਿੰਕ ਰੋਡ ‘ਤੇ ਪੁੱਜਿਆ ਤਾਂ ਉਕਤ ਵਿਅਕਤੀਆਂ ਨੇ ਮੇਰੇ ਲੜਕੇ ਗੁਰਮੇਲ ਸਿੰਘ ਨੂੰ ਜ਼ਬਰਦਸਤੀ ਫੜਿਆ ਹੋਇਆ ਸੀ ਅਤੇ ਉਸਦੀ ਸੱਜੀ ਬਾਂਹ ਵਿੱਚ ਸਰਿੰਜ ਸੀ ਅਤੇ ਮੇਰੇ ਰੌਲਾ ਪਾਉਣ ਉਪਰੰਤ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ।

ਮੇਰੇ ਲੜਕਿਆਂ ਨੇ ਦੱਸਿਆ ਕਿ ਅਸੀਂ ਅਕਸਰ ਵੀ ਇਹਨਾਂ ਪਾਸੋਂ ਨਸ਼ਾ ਲੈਂਦੇ ਸੀ ਅਤੇ ਹੁਣ ਜਦੋਂ ਅਸੀਂ ਨਸ਼ਾ ਛੱਡਣ ਜਾ ਰਹੇ ਹਾਂ ਤਾਂ ਉਕਤ ਵਿਅਕਤੀਆਂ ਨੇ ਸਾਨੂੰ ਫੜ ਕੇ ਧੱਕੇ ਨਾਲ ਗੁਰਮੇਲ ਸਿੰਘ ਦੀ ਸੱਜੀ ਬਾਂਹ ਵਿੱਚ ਨਸ਼ੇ ਦਾ ਟੀਕਾ ਲਗਾ ਦਿੱਤਾ। ਜਦੋਂ ਮੈਂ ਆਪਣੇ ਦੋਵੇਂ ਲੜਕਿਆਂ ਨੂੰ ਆਪਣੇ ਘਰ ਲੈਕੇ ਆਇਆ ਤਾਂ ਥੋੜੀ ਦੇਰ ਬਾਅਦ ਗੁਰਮੇਲ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਜਿਸ ਨੂੰ ਡਾਕਟਰ ਕੋਲ ਲੈ ਕੇ ਜਾਣ ਲੱਗਾ ਤਾਂ ਗੁਰਮੇਲ ਸਿੰਘ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਗੁਰਚਰਨ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਸ਼੍ਰੀ ਭੈਣੀ ਸਾਹਿਬ ਦੇ ਬਿਆਨ ਦੇ ਆਧਾਰ ਤੇ ਲੜਕੇ ਨੂੰ ਧੱਕੇ ਨਾਲ ਨਸ਼ੇ ਦਾ ਟੀਕਾ ਲਗਾਉਣ ਤਹਿਤ ਗੁਰਪ੍ਰੀਤ ਸਿੰਘ ਗੋਪੀ ,ਸ਼ੀਲੂ ,ਜੋਗਿੰਦਰ ਸਿੰਘ ,ਕੁਲਵੰਤ ਸਿੰਘ, ਮੁੱਖਾ ਸਿੰਘ ,ਬਲਵਿੰਦਰ ਕੌਰ ਵਾਸੀ ਪਿੰਡ ਚੌਂਤਾ ਸਣੇ 5 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚੌਕੀ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਜੋਗਿੰਦਰ ਸਿੰਘ ਤੇ ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਸਰਿੰਜ ਨੂੰ ਕਬਜ਼ੇ ਵਿਚ ਲੈਕੇ ਬਾਕੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।