ਅਖਿਲੇਸ਼ ਤਿਵਾਰੀ, ਕਾਨਪੁਰ : ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਵਾ ਪ੍ਰਦੂਸ਼ਣ ਖ਼ਿਲਾਫ਼ ਲੜਾਈ ’ਚ ਇਕ ਨਵੀਂ ਉਮੀਦ ਜਾਗੀ ਹੈ। ਪ੍ਰਦੂਸ਼ਣ ਦੀ ਨਿਗਰਾਨੀ ਲਈ ਪ੍ਰਭਾਵਸ਼ਾਲੀ ਹਥਿਆਰ ਬਣਨਗੇ ਆਈਆਈਟੀ ਕਾਨਪੁਰ ਦੇ ਸੈਂਸਰ। ਆਈਆਈਟੀ ਕਾਨਪੁਰ ਦਾ ਐਕਸੀਲੈਂਸ ਸੈਂਟਰ ‘ਆਤਮਨ’ ਹਵਾ ਪ੍ਰਦੂਸ਼ਣ ਦੇ ਮੌਜੂਦਾ ਘਟਦੇ-ਵਧਦੇ ਪੱਧਰ ਦੇ ਅੰਕੜਿਆਂ ਦੀ ਬਜਾਏ ਲੋਕਾਂ ਨੂੰ ਹੁਣ ਇਹ ਦੱਸਣ ਦੀ ਤਿਆਰੀ ਕਰ ਰਿਹਾ ਹੈ ਕਿ ਪ੍ਰਦੂਸ਼ਿਤ ਹਵਾ ਦਾ ਸੰਘਣਾਪਨ ਕਿੰਨਾ ਤੇ ਕਿੱਥੇ ਹੈ। ਪ੍ਰਦੂੁਸ਼ਿਤ ਹਵਾ ਦਾ ਏਅਰ ਸ਼੍ਰੇਡ ਯਾਨੀ ਹਵਾ ਸਮੂਹ ਕਿਸ ਖੇਤਰ ਵਿਚ ਬਣ ਰਿਹਾ ਹੈ ਅਤੇ ਹਵਾ ਦੇ ਵਹਾਅ ਨਾਲ ਇਸ ਦੇ ਕਿਸ ਦਿਸ਼ਾ ਵਿਚ ਕਿਥੋਂ ਤੱਕ ਪੁੱਜਣ ਦੀ ਸੰਭਾਵਨਾ ਹੈ।
ਇਸ ਵਿਸ਼ਲੇਸ਼ਣ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ ਦੇਸ਼ ਵਿਚ ਪਹਿਲੀ ਵਾਰ ਹਵਾ ਪ੍ਰਦੂਸ਼ਣ ਦੀ ਅਸਲ ਸਥਿਤੀ ਅਤੇ ਉਸ ਦੇ ਸਰੋਤ ਦੀ ਪਛਾਣ ਕਰਨ ਜਾ ਰਿਹਾ ਹੈ। ਸੈਂਟਰ ਵੱਲੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਰ ਬਲਾਕ ’ਚ ਲਗਾਏ ਜਾ ਰਹੇ ਪ੍ਰਦੂਸ਼ਣ ਮਾਪੀ ਸੈਂਸਰ ਨਾਲ ਹਵਾ ਗੁਣਵੱਤਾ ਦੀ ਤਸਵੀਰ ਦਿਸਣ ਲੱਗੀ ਹੈ। ਇਸ ਵਿਚ ਪ੍ਰਦੂਸ਼ਣਕਾਰੀ ਹਵਾ ਦੇ ਨਿਰਮਾਣ, ਸੰਘਣਾਪਨ ਅਤੇ ਪ੍ਰਵਾਹ ਦੀ ਜਾਣਕਾਰੀ ਵੀ ਮਿਲ ਰਹੀ ਹੈ। ਦੋਵਾਂ ਰਾਜਾਂ ਦੇ ਚੱਪੇ-ਚੱਪੇ ਦੀ ਨਿਗਰਾਨੀ ਕਰਨ ਵਾਲੀ ਪ੍ਰਣਾਲੀ ਨਾਲ ਹਵਾ ਗੁਣਵੱਤਾ ਦੀ ਜੋ ਤਸਵੀਰ ਮਿਲੀ ਹੈ, ਉਸ ਤੋਂ ਵਾਯੂਮੰਡਲ ਵਿਚ ਇਕ ਏਅਰ ਸ਼ੇਡ ਯਾਨੀ ਸਮਾਨ ਗੁਣਵੱਤਾ ਵਾਲੀ ਹਵਾ ਦੀ ਪਰਤ ਦਾ ਪਤਾ ਲੱਗ ਰਿਹਾ ਹੈ।
ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਇੰਜੀਨੀਅਰਿੰਗ ਪ੍ਰਯੋਗ ਨਾਲ ਆਈਆਈਟੀ ਦੇ ਇੰਜੀਨੀਅਰਾਂ ਨੇ ਦੇਖਿਆ ਕਿ ਦੋਵਾਂ ਰਾਜਾਂ ਵਿਚ ਅਜਿਹੇ ਜ਼ਿਲ੍ਹੇ ਵੀ ਹਨ ਜਿੱਥੇ ਪ੍ਰਦੂਸ਼ਣਕਾਰੀ ਗੈਸਾਂ ਦਾ ਪੈਦਾ ਹੋਣਾ ਲਗਪਗ ਸਿਫ਼ਰ ਹੈ ਪਰ ਉਨ੍ਹਾਂ ਜ਼ਿਲ੍ਹਿਆਂ ਵਿਚ ਦੂਸਰੇ ਖੇਤਰਾਂ ਤੋਂ ਪ੍ਰਦੂਸ਼ਣਕਾਰੀ ਹਵਾ ਪਹੁੰਚ ਰਹੀ ਹੈ। ਕਈ ਜ਼ਿਲ੍ਹਿਆਂ ਵਿਚ ਹਰੇ ਰੰਗ ਦੇ ਏਅਰ ਸ਼ੇਡ ਵੀ ਦੇਖੇ ਗਏ ਹਨ ਜੋ ਪੂਰੇ ਖੇਤਰ ਵਿਚ ਹਵਾ ਗੁਣਵੱਤਾ ਦੀ ਸ਼ੁੱਧਤਾ ਦੀ ਕਹਾਣੀ ਸੁਣਾ ਰਹੇ ਹਨ।
ਇਵੇਂ ਮਿਲੇਗੀ ਜਾਣਕਾਰੀ
ਆਤਮਨ ਸੈਂਟਰ ਦੇ ਮੁਖੀ ਅਤੇ ਆਈਆਈਟੀ ਦੇ ਸਿਵਲ ਇੰਜੀਨੀਅਰਿੰਗ ਤੇ ਸਸਟੇਨਏਬਲ ਐਨਰਜੀ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਸਚਿਦਾਨੰਦ ਤਿ੍ਰਪਾਠੀ ਅਨੁਸਾਰ ਦੋਵੇਂ ਯੂਪੀ ਤੇ ਬਿਹਾਰ ਦੇ ਸਾਰੇ ਬਲਾਕਾਂ ਅਤੇ ਸ਼ਹਿਰਾਂ ਵਿਚ ਹਵਾ ਗੁਣਵੱਤਾ ਜਾਂਚਣ ਵਾਲੇ 1400 ਸਵਦੇਸ਼ੀ ਸੈਂਸਰ ਲਗਾਏ ਜਾ ਰਹੇ ਹਨ। 18 ਨਵੰਬਰ, 2023 ਤੱਕ 846 ਸੈਂਸਰ ਲਗਾਏ ਜਾ ਚੁੱਕੇ ਹਨ। ਇਹ ਦੇਸ਼ ਦਾ ਸਭ ਤੋਂ ਵੱਡਾ ਸੈਂਸਰ ਅਧਾਰਤ ਹਵਾ ਗੁਣਵੱਤਾ ਮਾਪਕ ਨੈੱਟਵਰਕ ਹੈ ਜਿਸ ਵਿਚ ਮੋਬਾਈਲ ਪ੍ਰਯੋਗਸ਼ਾਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨੈੱਟਵਰਕ ਦੀ ਰਿਪੋਰਟ ਅਤੇ ਹਵਾ ਵਹਾਅ ਦੀ ਗਤੀ ਅਤੇ ਦਿਸ਼ਾ ਦਾ ਏਆਈ-ਐੱਮਐੱਲ ਦੀ ਮਦਦ ਨਾਲ ਵਿਸ਼ਲੇਸ਼ਣ ਕਰ ਕੇ ਇਹ ਸਿੱਟਾ ਕੱਢਿਆ ਜਾ ਸਕੇਗਾ ਕਿ ਕਿਸ ਖੇਤਰ ਵਿਚ ਪ੍ਰਦੂਸ਼ਣ ਦਾ ਪੱਧਰ ਕਿਸ ਦਿਨ, ਕਿਸ ਸਮੇਂ ਅਤੇ ਕਿੰਨੀ ਮਾਤਰਾ ਵਿਚ ਵਧ ਜਾਵੇਗਾ।
ਬਚਾਅ ਦੇ ਲਾਗੂ ਕੀਤੇ ਜਾ ਸਕਣਗੇ ਉਪਾਅ
ਇਸ ਨਾਲ ਪ੍ਰਦੂਸ਼ਣ ਨੂੰ ਰੋਕਣ ਤੇ ਆਮ ਜਨਜੀਵਨ ਨੂੰ ਪ੍ਰਭਾਵਿਤ ਹੋਣ ਤੋਂ ਬਚਾਅ ਦੇ ਉਪਾਅ ਲਾਗੂ ਕੀਤੇ ਜਾ ਸਕਣਗੇ। ਲਖਨਊ ਸਮੇਤ ਕਈ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਪਤਾ ਕਰਨ ਲਈ ਮੋਬਾਈਲ ਸੈਂਸਰ ਯੂਨਿਟ ਵੀ ਘੁੰਮ ਰਹੇ ਹਨ। ਸੈਂਸਰ ਦੀ ਗਿਣਤੀ ਵਧਣ ਤੋਂ ਬਾਅਦ ਇਹ ਵੀ ਪਤਾ ਲਗਾਇਆ ਜਾ ਸਕੇਗਾ ਕਿ ਪ੍ਰਦੂਸ਼ਣਕਾਰੀ ਗੈਸ ਧਰਤੀ ਦੇ ਕਿਹੜੇ ਹਿੱਸੇ ’ਚ ਹੋ ਰਹੀ ਹੈ। ਪ੍ਰੋ. ਸਚਿਦਾਨੰਦ ਤ੍ਰਿਪਾਠੀ ਨੂੰ ਆਤਮਨ ਸੈਂਟਰ ਦੀ ਸਥਾਪਨਾ ਅਤੇ ਹਵਾ ਗੁਣਵੱਤਾ ਦੀਆਂ ਖੋਜਾਂ ਲਈ ਦੇਸ਼ ਦਾ ਸਰਬ-ਸ੍ਰੇਸ਼ਠ ਇੰਫੋਸਿਸ ਪੁਰਸਕਾਰ 2023 ਵੀ ਮਿਲ ਚੁੱਕਾ ਹੈ।


