ਕੁਲਵਿੰਦਰ ਸਿੰਘ ਰਾਏ, ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਝੋਨੇ ਦੀ ਖ਼ਰੀਦ ਪਿਛਲੇ ਸਾਲ ਨਾਲੋਂ 38 ਹਜ਼ਾਰ ਕੁਇੰਟਲ ਤੋਂ ਵਧੇਰੇ ਹੋ ਗਈ ਹੈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਅਨਾਜ ਮੰਡੀ ’ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਵੀਰਵਾਰ ਸ਼ਾਮ ਤੱਕ ਖੰਨਾ ਮੰਡੀ ’ਚੋਂ 19 ਲੱਖ 68 ਹਜ਼ਾਰ 21 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਕੁਲ ਖ਼ਰੀਦ ’ਚੋਂ 19 ਲੱਖ 6 ਹਜ਼ਾਰ 396 ਕੁਇੰਟਲ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ। ਮਹਿਜ਼ 61625 ਕੁਇੰਟਲ ਝੋਨਾ ਅਨਲਿਫਟਿਡ ਪਿਆ ਹੈ। ਜਦਕਿ ਪਿਛਲੇ ਸਾਲ 19 ਲੱਖ 29 ਹਜ਼ਾਰ 942 ਕੁਇੰਟਲ ਝੋਨੇ ਦੀ ਕੀਤੀ ਗਈ। ਇਸ ਵਾਰ 38 ਹਜ਼ਾਰ 79 ਕੁਇੰਟਲ ਵੱੱਧ ਹੈ।

ਮਾਰਕੀਟ ਕਮੇਟੀ ਖੰਨਾ ਦੇ ਸੈਕਟਰੀ ਮਨਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਪਨਗੇ੍ਰਨ ਨੇ 684310 ਕੁਇੰਟਲ, ਮਾਰਕਫੈੱਡ ਨੇ 401896 ਕੁਇੰਟਲ, ਪਨਸਪ ਨੇ 371432 ਕੁਇੰਟਲ, ਵੇਅਰਹਾਊਸ ਕਾਰਪੋਰੇਸ਼ਨ ਨੇ 221200 ਕੁਇੰਟਲ ਤੇ ਪ੍ਰਾਈਵੇਟ ਅਦਾਰਿਆਂ ਵੱਲੋਂ 4040 ਕੁਇੰਟਲ ਝੋਨਾ ਖ਼ਰੀਦਿਆ ਗਿਆ ਹੈ। ਇਸ ਦੇ ਨਾਲ ਹੀ ਰੌਣੀ ਖ਼ਰੀਦ ਕੇਂਦਰ ਤੋਂ ਪਨਗੇਰਨ ਨੇ 32756 ਕੁਇੰਟਲ, ਮਾਰਕਫੈਡ ਨੇੇ 119329 ਕੁਇੰਟਲ, ਪਨਸਪ ਨੇ 24329, ਈਸੜੂ ਮੰਡੀ ਤੋਂ ਪਨਗਰੇਨ 35238 ਕੁਇੰਟਲ, ਮਾਰਕਫੈਡ ਨੇ 16405 ਕੁਇੰਟਲ, ਰਾਏਪੁਰ ਕੇਂਦਰ ਤੋਂ ਪਨਗੇਰਨ ਨੇ 1165, ਮਾਰਕਫੈੱਡ ਨੇ 28546 ਕੁਇੰਟਲ ਤੇ ਦਹਿੜੂ ਫੋਕਲ ਪੁਆਇੰਟ ਤੋਂ ਪਨਗਰੇਨ ਨੇ 13125 ਕੁਇੰਟਲ ਤੇ ਪਨਸਪ ਨੇ 14250 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

ਸਹੀ ਢੰਗ ਨਾਲ ਚੱਲ ਰਹੇ ਮੰਡੀ ਦੇ ਪ੍ਰਬੰਧ

ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਖੰਨਾ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਖੰਨਾ ’ਚ ਖ਼ਰੀਦ ਦੇ ਪ੍ਰਬੰਧ ਵਧੀਆ ਢੰਗ ਨਾਲ ਚੱਲ ਰਹੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਨੇ ਕਿਹਾ ਕਿ ਖੰਨਾ ’ਚ ਐਂਤਕੀ ਸਾਰੇ ਕੰਮ ਨਿਰਵਿਘਨ ਚੱਲਦੇ ਰਹੇ ਹਨ। ਕਿਸੇ ਵੀ ਕਿਸਾਨ, ਆੜ੍ਹਤੀ ਤੇ ਮਜ਼ਦੂਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ।

ਰਹੋਣ ਮੰਡੀ ਬੰਦ ਹੋਣ ਨਾਲ ਕਿਸਾਨ ਔਖੇ

ਸਰਕਾਰ ਵੱਲੋਂ ਅਚਾਨਕ ਖੰਨਾ ਇਲਾਕੇ ਦੀਆਂ ਚਾਰ ਮੰਡੀਆਂ ਰਹੋਣ ਮੰਡੀ, ਦਹਿੜੂ, ਰਾਏਪੁਰ ਤੇ ਈਸੜੂ ਬੰਦ ਹੋਣ ਨਾਲ ਅਖ਼ੀਰ ’ਚ ਕੁਝ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਬੰਦ ਪੇ੍ਰਸ਼ਾਨੀ ਰਹੋਣ ਮੰਡੀ ਦੇ ਬੰਦ ਹੋਣ ਨਾਲ ਹੋਈ ਹੈ ਕਿਉਂਕਿ ਇਸ ਮੰਡੀ ’ਚ ਲਾਗਲੇ ਪਿੰਡਾਂ ਦੇ ਕਿਸਾਨ ਹਾਲੇ ਵੀ ਆਪਣੀ ਜਿਣਸ ਲੈ ਕੇ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਹਾਲੇ ਖੇਤਾਂ ’ਚ 5 ਤੋਂ 10 ਫੀਸਦੀ ਫ਼ਸਲ ਖੜੀ ਹੈ। ਸਰਕਾਰ ਨੂੰ ਕੁਝ ਦਿਨ ਹੋਰ ਇਹ ਮੰਡੀ ਖੋਲ੍ਹ ਦੇਣੀ ਚਾਹੀਦੀ ਹੈ।