ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਪੀਏਯੂ ਦੇ ਵਿਦਿਆਰਥੀਆਂ ਨੇ ਰਾਵੇ ਯੋਜਨਾ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਰਖੜ ‘ਚ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ। ਇਸ ਕੈਂਪ ‘ਚ ਇਲਾਕਾ ਵਾਸੀਆਂ ਨੂੰ ਭੋਜਨ ਪੋ੍ਸੈਸਿੰਗ, ਫਸਲੀ ਰਹਿੰਦ-ਖੂੰਹਦ ਦੀ ਸੰਭਾਲ, ਰਸੋਈ ਬਗੀਚੀਆਂ ਬਣਾਉਣ, ਫਲਦਾਰ ਬੂਟਿਆਂ ਦੀ ਕਾਸ਼ਤ ਆਦਿ ਮਸਲਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸਦੇ ਨਾਲ ਹੀ ਪਰਾਲੀ ਦੀ ਸੰਭਾਲ ਬਾਰੇ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਪਿੰਡ ਜਰਖੜ ਵਿੱਚ ਵਾਤਾਵਰਨ ਤੇ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ‘ਚ ਹਿੱਸਾ ਲੈਂਦਿਆਂ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਤੇ ਨਾਲ ਹੀ ਇਲਾਕਾ ਵਾਸੀਆਂ ਨੂੰ ਇਸ ਦੇ ਸਾਰਥਕ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ। ਕੈਂਪ ‘ਚ ਸ਼ਾਮਿਲ ਹੋਣ ਵਾਲੇ ਮਾਹਿਰਾਂ ‘ਚ ਪੋ੍ਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਡਾ. ਗੁਰਨਾਜ਼ ਨੇ ਉਨ੍ਹਾਂ ਦੇ ਖੇਤਰ ਦੀਆਂ ਨਵੀਨ ਖੋਜਾਂ ਦੀ ਜਾਣਕਾਰੀ ਦਿੱਤੀ। ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਸਿਖਲਾਈ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ। ਡਾ. ਪੰਕਜ ਕੁਮਾਰ ਨੇ ਗੋਭੀ ਸਰ੍ਹੋਂ ਜੀਐੱਸਸੀ-7 ਦੀ ਕਾਸ਼ਤ ਅਤੇ ਸਿਹਤ ਸੰਬੰਧੀ ਲਾਭ ਗਿਣਾਏ। ਕੈਂਪ ‘ਚ ਪਰਾਲੀ ਦੀ ਸੰਭਾਲ ਬਾਰੇ ਵਿਸ਼ੇਸ਼ ਤੌਰ ‘ਤੇ ਭਾਗ ਲੈਣ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪਰਾਲੀ ਖੇਤ ‘ਚ ਸੰਭਾਲਣ ਦੇ ਜ਼ਮੀਨ ‘ਤੇ ਪੈਣ ਵਾਲੇ ਸਾਰਥਕ ਪ੍ਰਭਾਵਾਂ ਦੀ ਜਾਣਕਾਰੀ ਦਿੱਤੀ।
ਖੇਤੀ ਜੰਗਲਾਤ ਵਿਭਾਗ ਦੇ ਵਿਦਿਆਰਥੀਆਂ ਨੇ ਦਿਵਾਲੀ ਮੌਕੇ ਪਿੰਡ ਦੇ ਪ੍ਰਰਾਇਮਰੀ ਸਕੂਲ ‘ਚ ਅਤੇ ਆਲੇ-ਦੁਆਲੇ ਬਹੁਤ ਸਾਰੇ ਬੂਟੇ ਲਾਏ। ਨਾਲ ਹੀ ਪਿੰਡ ਵਾਸੀਆਂ ਨੂੰ ਦਿਵਾਲੀ ਮਨਾਉਣ ਦੇ ਰਵਾਇਤੀ ਢੰਗਾਂ ਦੀ ਜਾਣਕਾਰੀ ਦਿੱਤੀ ਗਈ। ਨਾਲ ਹੀ ਘਰੇਲੂ ਖਰਚੇ ਘਟਾਉਣ ਤੇ ਪੌਸ਼ਟਿਕ ਸਬਜ਼ੀ ਪਰਿਵਾਰ ਦੀ ਖੁਰਾਕ ਬਣਾਉਣ ਲਈ ਰਸੋਈ ਬਗੀਚੀ ਤੇ ਫ਼ਲਦਾਰ ਬੂਟਿਆਂ ਬਾਰੇ ਦੱਸਿਆ ਗਿਆ। ਇਕ ਵਿਸ਼ੇਸ਼ ਰੈਲੀ ਕੱਢ ਕੇ ਇਲਾਕਾ ਵਾਸੀਆਂ ਨੂੰ ਪਰਾਲੀ ਦੀ ਸੰਭਾਲ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਵਿਦਿਆਰਥੀਆਂ ਨੇ ਕੀਤੀ। ਡਾ. ਗੁਰਮੀਤ ਕੌਰ ਧਾਲੀਵਾਲ ਦੀ ਅਗਵਾਈ ਵਿਚ ਇਹ ਰੈਲੀ ਕੱਢੀ ਗਈ। ਇਲਾਕਾ ਨਿਵਾਸੀਆਂ ਨੇ ਪੀਏਯੂ. ਵੱਲੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਲਈ ਕੀਤੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ।


