ਪੁਨੀਤ ਬਾਵਾ, ਲੁਧਿਆਣਾ : ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਮਾਜ ਦੇ ਹਰ ਵਰਗ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 16 ਨਵੰਬਰ ਨੂੰ ਪੀਏਯੂ ਤੋਂ ਸਵੇਰੇ 7 ਵਜੇ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਅਤੇ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਰੈਲੀ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਇੱਕ ਟਰੇਡ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐਮਏ) ਵੱਲੋਂ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਯੂਸੀਪੀਐੱਮਏ ਵੱਲੋਂ ਸਾਈਕਲ ਰੈਲੀ ਲਈ 15 ਹਜ਼ਾਰ ਮੈਡਲ, 15 ਹਜ਼ਾਰ ਸਰਟੀਫਿਕੇਟ ਤੇ 151 ਸਾਈਕਲ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੂੰ ਸੌਂਪੇ ਗਏ ਹਨ।
ਸਿੱਧੂ ਨੂੰ ਯੂਸੀਪੀਐੱਮਏ ਦੇ ਚੇਅਰਮੈਨ ਚਰਨਜੀਤ ਸਿੰਘ ਵਿਸਵਕਰਮਾ ਤੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਭੋਗਲ, ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ, ਜਨਰਲ ਸਕੱਤਰ ਰਾਜੀਵ ਜੈਨ, ਸਕੱਤਰ ਰਾਜਿੰਦਰ ਸਿੰਘ ਸਰਹਾਲੀ, ਸੰਯੁਕਤ ਸਕੱਤਰ ਵਲੈਤੀ ਰਾਮ ਦੁਰਗਾ, ਪ੍ਰਚਾਰ ਸਕੱਤਰ ਸੁਰਿੰਦਰਪਾਲ ਸਿੰਘ ਸੋਨੂੰ ਮੱਕੜ ਤੇ ਵਿੱਤ ਸਕੱਤਰ ਰੋਹਿਤ ਰਹੇਜਾ ਦੀ ਹਾਜ਼ਰੀ ਵਿੱਚ ਸੌਂਪੇ। ਵਿਸ਼ਵਕਰਮਾ ਤੇ ਲੱਕੀ ਨੇ ਕਿਹਾ ਕਿ ਲੁਧਿਆਣਾ ਵਿੱਚ 16 ਨਵੰਬਰ ਨੂੰ ਪੰਜਾਬ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਤੇ ਸਾਡੀ ਸੰਸਥਾ ਸਾਈਕਲ ਨਾਲ ਸਬੰਧਤ ਹੈ, ਇਸ ਲਈ ਅਸੀਂ ਇਸ ਰੈਲੀ ‘ਚ ਹਰ ਪੱਖੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਈਕਲ ਰੈਲੀ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ। ਸਾਈਕਲ ਚਲਾਉਣ ਨਾਲ ਜਿੱਥੇ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਸੱਦਾ ਦਿੱਤਾ ਜਾਵੇਗਾ, ਉੱਥੇ ਹੀ ਸਾਈਕਲ ਚਲਾਉਣਾ ਸਾਡੇ ਵਾਤਾਵਰਨ ਤੇ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀ ਕੱਢਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਭਵਿੱਖ ‘ਚ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਯੂਸੀਪੀਐੱਮਏ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਸਾਈਕਲ ਰੈਲੀ ‘ਚ ਹਿੱਸਾ ਲੈਣਗੇ।


