ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਦੀਵਾਲੀ ਦਾ ਪਵਿੱਤਰ ਦਿਹਾੜਾ ਲੋਕ ਸੁਰੱਖਿਅਤ ਢੰਗ ਤੇ ਪ੍ਰਦੂਸ਼ਣ ਰਹਿਤ ਮਨਾਉਣ ਤਾਂ ਜੋ ਵਾਤਾਵਰਣ ਨੂੰ ਸੰਭਾਲਿਆ ਜਾ ਸਕੇ। ਉਕਤ ਪ੍ਰਗਟਾਵਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਕੀਤਾ। ਆਗੂਆਂ ਨੇ ਕਿਹਾ ਦੀਵਾਲੀ ਦੇ ਤਿਉਹਾਰ ਮੌਕੇ ਕੀਤੀ ਜਾਂਦੀ ਬੇਤਹਾਸ਼ਾ ਆਤਿਸ਼ਬਾਜੀ ਵਾਤਾਵਰਨ ਲਈ ਘਾਤਕ ਸਾਬਤ ਹੋ ਰਹੀ ਹੈ ਤੇ ਮਨੁੱਖਤਾ ਲਈ ਵੀ ਇਹ ਨੁਕਸਾਨਦੇਹ ਹੈ, ਇਸ ਲਈ ਸਾਨੂੰ ਮਿਲ ਕੇ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਦੀਵਾਲੀ ਖੁਸ਼ੀਆਂ ਤੇ ਖੇੜਿਆਂ ਭਰਿਆ ਤਿਉਹਾਰ ਹੈ ਕਿਉਂਕਿ ਇਸ ਦਿਨ ਜਿੱਥੇ ਭਗਵਾਨ ਸ਼੍ਰੀ ਰਾਮ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਪਰਤੇ ਸਨ ਉੱਥੇ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ‘ਚੋਂ ਆਜ਼ਾਦ ਕਰਵਾਇਆ ਸੀ। ਉਨ੍ਹਾਂ ਕਿਹਾ ਦੀਵਾਲੀ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਤੇ ਅਜਿਹੇ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ।