ਵਿਸ਼ਾਲ ਸ਼੍ਰੇਸਟ, ਕੋਲਕਾਤਾ : ਕ੍ਰਿਕਟ ਅਨਿਸ਼ਚਿਤਤਾਵਾਂ ਨਾਲ ਭਰਿਆ ਖੇਡ ਹੈ। ਜਦੋਂ ਤੱਕ ਮੈਚ ਦੀ ਆਖਰੀ ਗੇਂਦ ਨਹੀਂ ਸੁੱਟ ਦਿੱਤੀ ਜਾਂਦੀ ਉਦੋਂ ਤੱਕ ਕੁਝ ਵੀ ਕਹਿਣਾ ਮੁਸ਼ਕਿਲ ਹੁੰਦਾ ਹੈ ਜਿਵੇਂ ਕਿ ਇਸੇ ਵਿਸ਼ਵ ਕੱਪ ਵਿਚ ਆਸਟ੍ਰੇਲੀਆ-ਅਫਗਾਨਿਸਤਾਨ ਦੇ ਮੈਚ ਵਿਚ ਦੇਖਣ ਨੂੰ ਮਿਲਿਆ ਜਦੋਂ ਗਲੈਨ ਮੈਕਸਵੈੱਲ ਨੇ ਅਜੇਤੂ 201 ਦੌੜਾਂ ਦੀ ਚਮਤਕਾਰੀ ਪਾਰੀ ਖੇਡ ਕੇ ਨਾ ਸਿਰਫ ਆਪਣੀ ਟੀਮ ਨੂੰ ਜਿੱਤ ਦਿਵਾਈ ਬਲਕਿ ਸੈਮੀਫਾਈਨਲ ਵਿਚ ਵੀ ਪਹੁੰਚਾ ਦਿੱਤਾ। ਪਾਕਿਸਤਾਨ ਨੂੰ ਜੇਕਰ ਆਖਰੀ ਚਾਰ ਵਿਚ ਪਹੁੰਚਣਾ ਹੈ ਤਾਂ ਸ਼ਨਿਚਰਵਾਰ ਨੂੰ ਈਡਨ ਗਾਰਡਨਜ਼ ਸਟੇਡੀਅਮ ਵਿਚ ਇੰਗਲੈਂਡ ਦੇ ਵਿਰੁੱਧ ਲੀਗ ਰਾਊਂਡ ਦੇ ਆਪਣੇ ਆਖਰੀ ਮੈਚ ਵਿਚ ਇਸ ਤੋਂ ਵੀ ਵੱਡਾ ਚਮਤਕਾਰ ਕਰ ਕੇ ਦਿਖਾਉਣਾ ਹੋਵੇਗਾ। ਉਥੇ ਹੀ ਦੂਜੇ ਪਾਸੇ ਲਗਾਤਾਰ ਪੰਜ ਮੈਚ ਹਾਰਨ ਤੋਂ ਬਾਅਦ ਪਿਛਲੇ ਮੈਚ ਵਿਚ ਨੀਦਰਲੈਂਡ ਨੂੰ ਹਰਾ ਕੇ ਜਿੱਤ ਦੀ ਰਾਹ ’ਤੇ ਪਰਤੀ ਇੰਗਲੈਂਡ ਦੀ ਟੀਮ ਦੀਆਂ ਨਜ਼ਰਾਂ ਅੰਕ ਸੂਚੀ ਵਿਚ ਸਿਖਰ ਅੱਠ ਵਿਚ ਜਗ੍ਹਾ ਕਾਇਮ ਰੱਖ ਕੇ 2025 ਦੇ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ’ਤੇ ਹੋਣਗੀਆਂ।

ਇਹ ਹੈ ਸਥਿਤੀ : ਸ੍ਰੀਲੰਕਾ ’ਤੇ ਨਿਊਜ਼ੀਲੈਂਡ ਦੀ ਵੱਡੀ ਜਿੱਤ ਨੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਨਿਊਜ਼ੀਲੈਂਡ ਦੇ ਲੀਗ ਰਾਊਂਡ ਦੇ ਨੌਂ ਮੈਚਾਂ ਵਿਚ ਕੁੱਲ 10 ਅੰਕ ਹਨ ਤੇ ਉਸ ਦਾ ਨੈੱਟ ਰਨ ਰੇਟ +0.743 ਹੈ ਜਦਕਿ ਪਾਕਿਸਤਾਨ ਦੇ ਅੱਠ ਮੈਚਾਂ ਵਿਚ ਅੱਠ ਅੰਕ ਹਨ ਤੇ ਉਸ ਦਾ ਨੈੱਟ ਰਨ ਰੇਟ +0.036 ਹੈ। ਪਾਕਿਸਤਾਨ ਟੀਮ ਜੇਕਰ ਪਹਿਲਾਂ ਬੱਲੇਬਾਜ਼ੀ ਕਰਦੀ ਹੈ ਤਾਂ ਉਸ ਨੂੰ ਇੰਗਲੈਂਡ ਨੂੰ 287 ਦੌੜਾਂ ਦੇ ਭਾਰੀ ਫਰਕ ਨਾਲ ਹਰਾਉਣਾ ਪਵੇਗਾ। ਇਹ ਬੇਹੱਦ ਮੁਸ਼ਕਿਲ ਜ਼ਰੂਰ ਹੈ ਪਰ ਅਸੰਭਵ ਨਹੀਂ ਕਿਉਂਕਿ ਇਸ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਨੇ ਨੀਦਰਲੈਂਡ ਨੂੰ 309 ਦੌੜਾਂ ਤੇ ਭਾਰਤ ਨੇ ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ ਹੈ।

ਵਨਡੇ ’ਚ ਇੰਗਲੈਂਡ ਭਾਰੀ : ਵਨਡੇ ਵਿਚ ਪਾਕਿਸਤਾਨ ’ਤੇ ਇੰਗਲੈਂਡ ਦਾ ਪਲੜਾ ਭਾਰੀ ਰਿਹਾ ਹੈ। ਦੋਵੇਂ ਟੀਮਾਂ ਦੇ ਵਿਚਾਲੇ ਹੁਣ ਤੱਕ 91 ਮੈਚ ਹੋਏ ਹਨ ਜਿਨ੍ਹਾਂ ਵਿਚ ਇੰਗਲੈਂਡ ਨੇ 56 ਜਦਕਿ ਪਾਕਿਸਤਾਨ ਨੇ 32 ਜਿੱਤੇ ਹਨ। ਤਿੰਨ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ। ਵਿਸ਼ਵ ਕੱਪ ਵਿਚ ਪਾਕਿਸਤਾਨ ਥੋੜ੍ਹਾ ਅੱਗੇ ਜ਼ਰੂਰ ਹੈ। 10 ਮੈਚਾਂ ਵਿਚ ਪਾਕਿਸਤਾਨ ਨੇ ਪੰਜ ਜਦਕਿ ਇੰਗਲੈਂਡ ਨੇ ਚਾਰ ਜਿੱਤੇ ਹਨ। ਇਕ ਮੈਚ ਬੇਨਤੀਜਾ ਰਿਹਾ ਹੈ।

ਹੁਣ ਹਾਰਨਾ ਨਹੀਂ ਚਾਹੇਗਾ ਇੰਗਲੈਂਡ : ਨੀਦਰਲੈਂਡ ’ਤੇ ਸ਼ਾਨਦਾਰ ਜਿੱਤ ਨਾਲ ਸਾਬਕਾ ਚੈਂਪੀਅਨ ਦਾ ਵਿਸ਼ਵਾਸ ਵਧਿਆ ਹੈ ਤੇ ਉਹ ਹਾਰ ਦੇ ਨਾਲ ਆਪਣੀ ਵਿਸ਼ਵ ਕੱਪ ਮੁਹਿੰਮ ਸਮਾਪਤ ਨਹੀਂ ਕਰਨਾ ਚਾਹੇਗਾ। ਪਿਛਲੇ ਦੋ ਮੈਚਾਂ ਵਿਚ ਬੇਨ ਸਟੋਕਸ ਤੇ ਡੇਵਿਡ ਮਲਾਨ ਨੇ ਚੰਗੀ ਬੱਲੇਬਾਜ਼ੀ ਕੀਤੀ ਹੈ। ਉਥੇ ਹੀ ਪਾਕਿਸਤਾਨ ਦੀ ਬੱਲੇਬਾਜ਼ੀ ਦਾ ਭਾਰ ਕਪਤਾਨ ਬਾਬਰ ਆਜ਼ਮ ਤੇ ਜ਼ਬਰਦਸਤ ਲੈਅ ’ਚ ਚੱਲ ਰਹੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ’ਤੇ ਹੈ। ਪਾਕਿਸਤਾਨ ਦੀ ਟੀਮ ਜੇਕਰ ਪਹਿਲਾਂ ਬੱਲੇਬਾਜ਼ੀ ਕਰ ਕੇ ਵੱਡਾ ਸਕੋਰ ਖੜ੍ਹਾ ਕਰਨ ਵਿਚ ਸਫਲ ਹੋ ਜਾਂਦੀ ਹੈ ਤਾਂ ਇੰਗਲਿਸ਼ ਬੱਲੇਬਾਜ਼ਾਂ ਨੂੰ ਬੇਹੱਦ ਸਸਤੇ ਵਿਚ ਨਿਪਟਾ ਕੇ ਪਾਕ ਗੇਂਦਬਾਜ਼ਾਂ ਨੂੰ ਆਪਣੇ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਕਰਨੀ ਪੈ ਸਕਦੀ ਹੈ। ਸ਼ਾਹੀਨ ਸ਼ਾਹ ਅਫਰੀਦੀ ਤੇ ਮੁਹੰਮਦ ਵਸੀਮ ਪਾਕਿਸਤਾਨ ਪ੍ਰਬੰਧਨ ਦਾ ਸਭ ਤੋਂ ਵੱਡਾ ਭਰੋਸਾ ਹੈ।