ਪੁਣੇ (ਪੀਟੀਆਈ) : ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਆਤਮਵਿਸ਼ਵਾਸ ਨਾਲ ਭਰੀ ਆਸਟ੍ਰੇਲਿਆਈ ਟੀਮ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿਚ ਸ਼ਨਿਚਰਵਾਰ ਨੂੰ ਸ਼ਾਕਿਬ ਅਲ ਹਸਨ ਦੇ ਬਿਨਾਂ ਉਤਰਨ ਵਾਲੀ ਬੰਗਲਾਦੇਸ਼ ਦੇ ਵਿਰੁੱਧ ਇਸ ਲੈਅ ਨੂੰ ਕਾਇਮ ਰੱਖਣ ਉਤਰੇਗੀ। ਪੰਜ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਪਿਛਲੇ 6 ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇ ਕੇ ਜਿੱਤ ਦਰਜ ਕੀਤੀ ਹੈ। ਉਥੇ ਹੀ ਬੰਗਲਾਦੇਸ਼ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲ ਟੀਮ ਰਹੀ। ਪੈਟ ਕਮਿੰਸ ਦੀ ਟੀਮ ਨੇ ਗਲੈਨ ਮੈਕਸਵੈੱਲ ਦੇ ਅਜੇਤੂ ਦੋਹਰੇ ਸੈਂਕੜੇ ਦੇ ਦਮ ’ਤੇ ਅਫਗਾਨਿਸਤਾਨ ’ਤੇ ਚਮਤਕਾਰੀ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ ਤਿੰਨ ਵਿਕਟ ਨਾਲ ਹਰਾ ਕੇ 2025 ਚੈਂਪੀਅਨਜ਼ ਟਰਾਫੀ ਕੁਆਲੀਫਿਕੇਸ਼ਨ ਦੀ ਉਮੀਦ ਕਾਇਮ ਰੱਖੀ ਹੈ। ਮੇਜ਼ਬਾਨ ਪਾਕਿਸਤਾਨ ਸਮੇਤ ਸਿਖਰ ਟੀਮਾਂ 2025 ਚੈਂਪੀਅਨਜ਼ ਟਰਾਫੀ ਖੇਡੇਗੀ। ਬੰਗਲਾਦੇਸ਼ ਅੱਠਵੇਂ ਸਥਾਨ ’ਤੇ ਹੈ ਤੇ ਇਸ ’ਤੇ ਬਣੇ ਰਹਿਣ ਦੀ ਕੋਸ਼ਿਸ਼ ਵਿਚ ਹੋਵੇਗਾ।

ਨਜਮੁਲ ਹੁਸੈਨ ਸ਼ਾਂਟੋ ਇਸ ਮੈਚ ਵਿਚ ਕਪਤਾਨੀ ਕਰਨਗੇ ਜਿਨ੍ਹਾਂ ਦੇ ਸਾਹਮਣੇ ਆਸਟ੍ਰੇਲਿਆਈ ਬੱਲੇਬਾਜ਼ਾਂ ਨੂੰ ਰੋਕਣ ਦੀ ਚੁਣੌਤੀ ਹੋਵੇਗੀ। ਆਸਟ੍ਰੇਲੀਆ ਲਈ ਡੇਵਿਡ ਵਾਰਨਰ ਅੱਠ ਪਾਰੀਆਂ ਵਿਚ 446 ਦੌੜਾਂ ਬਣਾ ਚੁੱਕਾ ਹੈ ਜਦਕਿ ਛੇਵੇਂ ਨੰਬਰ ਦੇ ਬੱਲੇਬਾਜ਼ ਮੈਕਸਵੈੱਲ ਨੇ 397 ਦੌੜਾਂ ਬਣਾ ਲਈਆਂ ਹਨ ਜਿਸ ਵਿਚ ਵਿਸ਼ਵ ਕੱਪ ਵਿਚ ਵਨਡੇ ਦਾ ਸਭ ਤੋਂ ਤੇਜ਼ ਸੈਂਕੜਾ ਤੇ ਇਕ ਦੋਹਰਾ ਸੈਂਕੜਾ ਸ਼ਾਮਲ ਹੈ। ਸਲਾਮੀ ਬੱਲੇਬਾਜ਼ ਟ੍ਰੇਵਿਸ ਹੈਡ ਨੇ ਵਾਪਸੀ ਕਰ ਸੈਂਕੜਾ ਜੜਿਆ ਹੈ ਜਦਕਿ ਮਿਸ਼ੇਲ ਮਾਰਸ਼ ਨੇ ਅਰਧ ਸੈਂਕੜਾ ਤੇ ਸੈਂਕੜਾ ਬਣਾਇਆ ਹੈ ਪਰ ਮੱਧਕ੍ਰਮ ਉਮੀਦ ਮੁਤਾਬਕ ਨਹੀਂ ਖੇਡ ਸਕਿਆ ਹੈ।

ਬੰਗਲਾਦੇਸ਼ ਦੇ ਗੇਂਦਬਾਜ਼ ਇਸ ਕਮਜ਼ੋਰੀ ਦਾ ਫਾਇਦਾ ਚੁੱਕਣ ਦੀ ਫਿਰਾਕ ਵਿਚ ਹੋਣਗੇ। ਬੰਗਲਾਦੇਸ਼ ਲਈ ਗੇਂਦਬਾਜ਼ੀ ਦਾ ਜਿੰਮਾ ਸ਼ਰੀਫੁਲ ਇਸਲਾਮਮ ਤੇ ਮੇਹਦੀ ਹਸਨ ਮਿਰਾਜ਼ ’ਤੇ ਹੋਵੇਗਾ। ਨੌਜਵਾਨ ਤਨਜ਼ੀਮ ਹਸਨ ਸ਼ਾਕਿਬ ਨੇ ਤਿੰਨ ਵਿਕਟ ਲਏ ਪਰ 10 ਓਵਰ ਵਿਚ 80 ਦੌੜਾਂ ਦਿੱਤੀਆਂ। ਬੱਲੇਬਾਜ਼ਾਂ ਵਿਚ ਲਿਟਨ ਦਾਸ ਤੇ ਸ਼ਾਂਟੋ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਹੋਵੇਗੀ ਜਦਕਿ ਹੇਠਲੇ ਕ੍ਰਮ ’ਤੇ ਮਹਿਮਦੁਲਾਹ ਤੇ ਮੁਸ਼ਫਿਕੁਰ ਰਹੀਮ ਜਿੰਮਾ ਸੰਭਾਲਣਗੇ। ਉਨ੍ਹਾਂ ਦਾ ਸਾਹਮਣਾ ਮਿਸ਼ੇਲ ਸਟਾਰਕ, ਜੋਸ਼ ਹੈਜਲਵੁੱਡ ਤੇ ਹੁਣ 20 ਵਿਕਟ ਲੈ ਚੁੱਕੇ ਐਡਮ ਜ਼ਾਂਪਾ ਨਾਲ ਹੈ। ਆਸਟ੍ਰੇਲੀਆ ਦਾ ਬੰਗਲਾਦੇਸ਼ ਦੇ ਵਿਰੁੱਧ 21 ਵਨਡੇ ਵਿਚ 19-1 ਦਾ ਰਿਕਾਰਡ ਹੈ।