ਸਟਾਫ ਰਿਪੋਰਟਰ, ਖੰਨਾ : ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ, ਸਮਾਜਸੇਵੀ ਤੇ ਪਾਲ ਹੁੰਡਈ ਖੰਨਾ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ ਧੰਜਲ ਤੇ ਡਾਇਰੈਕਟਰ ਹਰਪ੍ਰਰੀਤ ਸਿੰਘ ਧੰਜਲ ਵੱਲੋਂ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਦੇ ਚੀਫ ਇਮਾਮ ਡਾ. ਇਮਾਮ ਉਮਰ ਅਹਿਮਦ ਇਲਿਆਸੀ ਦੇ ਮੋਗਾ ਤੋਂ ਨਵੀਂ ਦਿੱਲੀ ਜਾਣ ਮੌਕੇ ਪਾਲ ਹੁੰਡਈ ਖੰਨਾ ਸ਼ੋਅ ਰੂਮ ਵਿਖੇ ਪੁੱਜਣ ‘ਤੇ ਚੀਫ ਇਮਾਮ ਦਾ ਬੁੱਕੇ ਤੇ ਲੋਈ ਦੇ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਸੈਂਸਰ ਬੋਰਡ ਦੇ ਕੌਮੀ ਮੈਂਬਰ ਵਿਸ਼ਾਲ ਸ਼ਰਮਾ ਤੇ ਹੋਰ ਪਤਵੰਤੇ ਹਾਜ਼ਰ ਸਨ। ਡਾ. ਇਮਾਮ ਨੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਦੁਆ ਕਰਦੇ ਹੋਏ ਕਿਹਾ ਭਾਰਤ ਵੱਖ-ਵੱਖ ਧਰਮਾਂ ਦਾ ਇਕ ਗੁਲਦਸਤਾ ਹੈ, ਇਸ ਲਈ ਸਾਨੂੰ ਰਲ ਮਿਲ ਕੇ ਦੇਸ਼ ‘ਚ ਅਮਨ ਸ਼ਾਂਤੀ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਦੇਸ਼ ਦੇ ਤਰੱਕੀ ‘ਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸ਼ਮਿੰਦਰ ਸਿੰਘ ਮਿੰਟੂ ਤੇ ਹਰਪ੍ਰਰੀਤ ਸਿੰਘ ਹੈਪੀ ਧੰਜਲ ਵੱਲੋਂ ਸਮਾਜਸੇਵੀ ਕਾਰਜਾਂ ‘ਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਡਾ. ਇਮਾਮ ਨੇ ਧੰਜਲ ਭਰਾਵਾਂ ਨਾਲ ਕਰੀਬ ਇੱਕ ਘੰਟਾ ਸ਼ੋਅ ਰੂਮ ‘ਚ ਗੁਜ਼ਾਰਿਆ, ਉਪਰੰਤ ਉਨ੍ਹਾਂ ਸ੍ਰੀ ਫਤਹਿਗੜ੍ਹ ਸਾਹਿਬ ਸਥਿਤ ਰੋਜ਼ਾ ਸ਼ਰੀਫ ਪੁੱਜ ਕੇ ਸਰਬੱਤ ਦੇ ਭਲੇ ਲਈ ਦੁਆ ਕੀਤੀ। ਇਸ ਮੌਕੇ ਉਘੇ ਸਮਾਜਸੇਵੀ ਧਰਮਜੀਤ ਸਿੰਘ ਘਟਹੌੜਾ ਵੀ ਹਾਜ਼ਰ ਸਨ।


