ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦੀ ਸੀ, ਸਾਲ 2017 ਤੱਕ, ਥੀਏਟਰ ਵਿਭਾਗ ਸਾਡੇ ਪੱਤਰਕਾਰੀ ਵਿਭਾਗ ਦੇ ਨਾਲ ਹੋਣ ਕਾਰਨ ਕਈ ਨਾਟਕ ਦੇਖਣ ਦਾ ਸਬੱਬ ਬਣ ਜਾਂਦਾ ਸੀ। ਫਿਲਮਾਂ ਦੇਖਣ ਦਾ ਆਪਣਾ ਮਜ਼ਾ ਪਰ ਲਾਈਵ ਕਿਸੇ ਨੂੰ ਅਦਾਕਾਰੀ ਕਰਦੇ ਦੇਖਣਾ ਆਪਣੇ ਆਪ ਵਿੱਚ ਅਲੱਗ ਤਜਰਬਾ ਹੈ। ਇਨ੍ਹੀਂ ਦਿਨੀਂ ਪੰਜਾਬ ਵਿਚ ਅਦਾਕਾਰ, ਰੰਗਮੰਚ ਕਲਾਕਾਰ, ਲੇਖਕ ਤੇ ਹਾਸਰਸ ਕਲਾਕਾਰ ਰਾਣਾ ਰਣਬੀਰ ਦੇ ‘ਮਾਸਟਰ ਜੀ’ ਦੇ ਸ਼ੋਅ ਹੋ ਰਹੇ ਹਨ ਤੇ ਪਿਛਲੇ ਦਿਨੀਂ ਮੈਨੂੰ ਵੀ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਮਾਸਟਰ ਜੀ ਨਾਟਕ ਦੇਖਣ ਦਾ ਮੌਕਾ ਮਿਲਿਆ।

ਅੱਜ ਦਾ ਦੌਰ ਸੋਸ਼ਲ ਮੀਡੀਆ ਦਾ ਦੌਰ ਹੈ, ਤੁਹਾਨੂੰ ਹਰ ਚੀਜ਼ ਦੀ ਉਪਲੱਬਧਤਾ ਤੁਹਾਡੇ ਫੋਨ ’ਤੇ ਹੈ, ਸੋ ਲੋਕ ਬਹੁਤੀ ਖੇਚਲ ਕਰਨੀ ਪਸੰਦ ਨੀ ਕਰਦੇ ਕਿਉਂਕਿ ਉਨ੍ਹਾਂ ਨੂੰ ਆਸਾਨ ਲੱਗਦਾ ਹੈ ਆਪਣੇ ਬੈੱਡ ’ਤੇ ਲੰਮੇ ਪੈ ਕੇ ਹੱਥ ’ਚ ਫੋਨ ਫੜ ਕੇ ਕੋਈ ਵੀ ਓਟੀਟੀ, ਯੂ-ਟਿਊਬ ਪਲੇਟਫਾਰਮ ’ਤੇ ਫਿਲਮ ਦੇਖ ਲੈਣਾ ਪਰ ਫੇਰ ਵੀ ਜੋ ਤਾਕਤ ਇਕ ਸਟੇਜ ’ਤੇ ਪ੍ਰਫਾਰਮ ਕਰਨ ਤੇ ਦੇਖਣ ਦੀ ਹੈ ਉਹ ਸ਼ਾਇਦ ਕਿਸੇ ਹੋਰ ਮਾਧਿਅਮ ਵਿਚ ਨਹੀਂ। ਮਾਸਟਰ ਜੀ ਨਾਟਕ ਸਾਡੀਆਂ ਰੋਜ਼ਮਰ੍ਹਾ ਦੀਆਂ ਗੱਲਾਂ ਉੱਪਰ ਹੀ ਆਧਾਰਿਤ ਹੈ, ਜੋ ਸਾਡੇ ਸਮਾਜ ਨਾਲ ਨਿੱਤ ਵਾਪਰਦੀਆਂ ਹਨ ਪਰ ਫੇਰ ਵੀ ਅਸੀਂ ਉਨ੍ਹਾਂ ਤੋਂ ਕੁੱਝ ਸਿੱਖਣ ਦੀ ਬਜਾਏ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ। ਅਸੀਂ ਕਿਰਦਾਰ ਪੱਖੋਂ ਹੌਲੇ ਹੋ ਗਏ ਹਾਂ, ਫੁਕਰੇਪਨ ਵਿਚ ਪੈ ਗਏ ਹਾਂ, ਜੇ ਦੂਜੇ ਨੇ ਵੱਡੀ ਗੱਡੀ ਲਈ ਤਾਂ ਅਸੀਂ ਵੀ ਆਪਣੀ ਜੇਬ ਦੇਖੇ ਬਿਨਾਂ ਵੱਡੀ ਗੱਡੀ ਲੈ ਲੈਂਦੇ ਹਾਂ, ਜੇ ਕਿਸੇ ਨੇ ਮਹਿੰਗੇ ਕੱਪੜੇ ਪਾਏ ਤਾਂ ਸਾਨੂੰ ਵੀ ਹੁੰਦਾ ਅਸੀਂ ਵੀ ਬਰੈਂਡਿਡ ਕੱਪੜੇ ਪਾਈਏ ਜਦਕਿ ਤੁਸੀਂ

ਸੋਹਣੇ ਤੇ ਸਾਦੇ ਆਮ ਤੇ ਨਾਨ-ਬਰੈਂਡਿਡ ਕੱਪੜਿਆਂ ਵਿਚ ਵੀ ਲੱਗ ਸਕਦੇ ਹੋ। ਨਾਟਕ ਦੱਸਦਾ ਹੈ ਕਿ ਸਭ ਤੋਂ ਵੱਡਾ ਗਿਆਨ ਦਾ ਸੋਮਾ ਸਾਡੇ ਕੋਲ ਸਾਡੇ ਗੁਰੂਆਂ ਦੀ ਲਿਖੀ ਬਾਣੀ ਹੈ ਤੇ ਉਸ ਉੱਪਰ ਵੀ ਅਸੀਂ ਅਮਲ ਨਹੀਂ ਕਰ ਰਹੇ, ਅਸੀਂ ਬਾਣੀ ਨੂੰ ਵੀ ਸਿਰਫ਼ ਮੂੰਹੋਂ ਪੜ੍ਹਦੇ ਹੀ ਹਾਂ ਸਮਝਦੇ ਬਿਲਕੁਲ ਨੀ, ਇਸੇ ਲਈ ਅਸੀਂ ਕੱਖ ਨਾਲੋਂ ਵੀ ਹੌਲੇ ਹੋ ਗਏ ਹਾਂ।

ਨਾਟਕ ਵਿਚ ਕਈ ਪਹਿਲੂ ਹਨ ਜੋ ਤੁਹਾਨੂੰ ਸੋਚਣ ’ਤੇ ਮਜਬੂਰ ਕਰਦੇ ਹਨ ਕਿ ਅਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾ ਲਈਏ ਤਾਂ ਬਹੁਤ ਸੌਖੇ ਹੋ ਜਾਵਾਂਗੇ। ਇਹ ਵੀ ਸਮਝਾਇਆ ਗਿਆ ਕਿ ਪੱਗ ਤੇ ਦਸਤਾਰ ਵਿਚ ਫਰਕ ਹੁੰਦਾ, ਜਦੋਂ ਕੋਈ ਬੰਦਾ ਆਪਣੇ ਸਿਰ ’ਤੇ ਦਸਤਾਰ ਸਜਾਉਂਦਾ ਹੈ ਤਾਂ ਉਹ ਆਪਣੇ ਸਿਰ ‘ਤੇ ‘ਦ’ ਤੋਂ ਦਰਸ਼ਨ, ‘ਸ’ ਤੋਂ ਸਿਆਣਪ, ‘ਤਾ’ ਤੋਂ ਤਾਕਤ ਤੇ ‘ਰ’ ਤੋਂ ਰੋਸ਼ਨੀ ਸਜਾ ਰਿਹਾ ਹੁੰਦਾ, ਜਿਸਦੇ ਮੂੰਹ ’ਤੇ ਸੁਚੱਜੀ ਗੱਲ ਹੁੰਦੀ ਹੈ ਤੇ ਮਨ ਵਿਚ ਸਾਰਿਆਂ ਪ੍ਰਤੀ ਸਤਿਕਾਰ। ਸਾਡੇ ਗੁਰੂਆਂ ਨੇ ਜੋ ਸਾਨੂੰ ਵਿਰਾਸਤ ਵਿਚ ਦਿੱਤਾ ਸਾਨੂੰ ਉਸ ਨੂੰ ਸੰਭਾਲ ਕੇ ਰੱਖਣਾ ਬੇਹੱਦ ਜਰੂਰੀ ਹੈ। ਅਜਿਹੇ ਨਾਟਕ ਸਮਾਜ ਨੂੰ ਸੇਧ ਦਿੰਦੇ ਹਨ ਜੋ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਮੌਜੂਦਾ ਪੀੜ੍ਹੀ ਤੇ ਛੋਟੇ ਬੱਚਿਆਂ ਨੂੰ ਰੰਗਮੰਚ ਦੀ ਅਹਿਮੀਅਤ ਪਤਾ ਲੱਗ ਸਕੇ ਤੇ ਉਹ ਜਾਣ ਸਕਣ ਕਿ ਸੋਸ਼ਲ ਮੀਡੀਆ ਤੋਂ ਪਰਾਂ ਵੀ ਇਕ ਦੁਨੀਆ ਵੱਸਦੀ ਹੈ ਜਿੱਥੇ ਸਿਰਫ਼ ਫੋਨ ’ਤੇ ਉਗਲ ਚਲਾਉਣ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਹੈ। ਸਾਨੂੰ ਲੱਗਦਾ ਕਿ ਜੋ ਨਿੱਜੀ ਪਲ ਅਸੀਂ ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੇ ਉਹ ਬਹੁਤ ਸ਼ਾਨਦਾਰ ਸੀ ਜੋ ਇੰਨੇ ਜ਼ਿਆਦਾ ਵਿਊਜ਼ ਤੇ ਲਾਈਕਸ ਆਏ ਪਰ ਉਹ ਸਭ ਕੁੱਝ ਜਾਣਦੇ ਸਮਝਦੇ ਹੋਏ ਵੀ ਅਣਜਾਣ ਬਣਦੇ ਹਨ ਕਿ ਕੰਟੈਂਟ ਸ਼ਾਨਦਾਰ ਨਹੀਂ ਸੀ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਚੱਸਕਾ ਹੁੰਦਾ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਝਾਕਣ ਦਾ, ਇਸੇ ਲਈ ਉਹ ਵੱਧ ਤੋਂ ਵੱਧ ਇਸ ਨੂੰ ਦੇਖਦੇ ਹਨ। ਕੁੜੀਆਂ ਨੂੰ ਇਹੀ ਕਹਾਂਗੀ ਕਿ ਆਪਣਾ ਮੂਲ ਪਛਾਣੋ, ਸਾਡੇ ਕਿਰਦਾਰ ਬਹੁਤ ਉੱਚੇ ਹਨ, ਜ਼ਰਾ ਸੋਚਿਆ ਕਰੋ ਕਿ ਅਸੀਂ ਕਿੱਥੋਂ ਆਏ ਹਾਂ ਤੇ ਸਾਡਾ ਪਿਛੋਕੜ ਕੀ ਹੈ।

ਸਿਰਾਂ ’ਤੇ ਦਸਤਾਰ ਸਜਾਉਣੀ ਚਾਹੀਦੀ

ਮਾਸਟਰ ਜੀ ਨਾਟਕ ਵਿਚਲਾ ਸਭ ਤੋਂ ਸੋਹਣਾ ਦਿ੍ਰਸ਼ ਉਹ ਹੈ ਜਦੋਂ ਰਾਣਾ ਰਣਬੀਰ ਆਪਣੇ ਸੰਵਾਦ ਬੋਲ ਰਹੇ ਹੁੰਦੇ ਹਨ ਤੇ ਨਾਲ-ਨਾਲ ਉਹ ਆਪਣੇ ਸਿਰ ’ਤੇ ਦਸਤਾਰ ਸਜਾ ਰਹੇ ਹੁੰਦੇ ਹਨ ਜੋ ਕਿ ਆਪਣੇ ਆਪ ਵਿਚ ਸੁਨੇਹਾ ਹੈ ਕਿ ਜਿਸ ਧਰਤੀ ਦੇ ਅਸੀਂ ਜਾਏ ਹਾਂ ਸਾਨੂੰ ਸਿਰਾਂ ’ਤੇ ਦਸਤਾਰ ਸਜਾਉਣੀ ਚਾਹੀਦੀ ਹੈ।

ਬਹੁਤ ਕੁਝ ਮੰਨ ਕੇ ਤੁਰਨਾ ਪੈਂਦੇ

ਨਾਟਕ ਵਿਚਲੀ ਇਕ ਗੱਲ ਜੋ ਰਾਣਾ ਰਣਬੀਰ ਕਹਿੰਦੇ ਹਨ ਉਹ ਮਨ ਨੂੰ ਬਹੁਤ ਟੁੰਬੀ, ਜੋ ਸੀ ਕਿ ਜ਼ਿੰਦਗੀ ਤੇ ਰੰਗਮੰਚ ਵਿਚ ਬਹੁਤ ਕੁੱਝ ਹੁੰਦਾ ਨੀ ਪਰ ਸਾਨੂੰ ਮੰਨ ਕੇ ਤੁਰਨਾ ਪੈਂਦਾ। ਅੱਜ-ਕੱਲ੍ਹ ਲੋਕ ਫੇਸਬੁੱਕ ਦੇ ਗਿਆਨ ਨੂੰ ਵੱਧ ਤਵੱਜੋਂ ਦੇਣ ਲੱਗ ਪਏ ਹਨ, ਤਾਂ ਹੀ ਉਨ੍ਹਾਂ ਦੀ ਸੋਚਣ ਸਮਝਣ ਦੀ ਸ਼ਕਤੀ ਵੀ ਮਿਆਰੀ ਨਹੀਂ ਰਹੀ।

ਨਾਟਕ ਦੀ ਰੂਹ ਹੈ ਰਾਜਵੀਰ ਬੋਪਾਰਾਏ

ਦੇਸ਼-ਵਿਦੇਸ਼ ਵਿਚ ਅਨੇਕਾਂ ਵਾਰ ਖੇਡਿਆ ਜਾ ਚੁੱਕਾ ਇਹ ਨਾਟਕ ਜਸਵੰਤ ਜ਼ਫ਼ਰ ਤੇ ਰਾਣਾ ਰਣਬੀਰ ਹੋਰਾਂ ਨੇ ਮਿਲ ਕੇ ਲਿਖਿਆ। ਅਦਾਕਾਰ ਰਾਣਾ ਰਣਬੀਰ ਤੇ ਰਾਜਵੀਰ ਬੋਪਾਰਾਏ ਹਨ। ਰਾਣਾ ਰਣਬੀਰ ਕਹਿੰਦੇ ਹਨ ਕਿ ਰਾਜਵੀਰ ਬੋਪਾਰਾਏ, ਮਾਸਟਰ ਜੀ ਨਾਟਕ ਦੀ ਰੂਹ ਹਨ। ਨਾਟਕ ਵਿੱਚਲੀਆਂ ਗੱਲਾਂ ਗੌਰ ਕਰਨ ਵਾਲੀਆਂ ਹਨ ਕਿ ਅਸੀਂ ਪੰਜਾਬ ਵਰਗੀ ਦੀ ਧਰਤੀ ਦੇ ਜਾਏ ਹੋ ਕੇ ਵੀ ਇਕ ਅਜਿਹੀ ਖੇਡ ਵਿਚ ਪੈ ਗਏ ਹਾਂ ਜਿਸ ਦਾ ਕੋਈ ਅੰਤ ਨਹੀਂ ਤੇ ਨਾ ਹੀ ਇਸ ਦੇ ਕੋਈ ਨੇਮ ਹਨ, ਇਹ ਸਿਰਫ਼ ਤੇ ਸਿਰਫ਼ ਅਸੀਂ ਦਿਖਾਵੇ ਤੇ ਆਪਣੀ ਬਾਹਰੀ ਖ਼ੁਸ਼ੀ ਲਈ ਖੇਡ ਰਹੇ ਹਾਂ। ਹਰ ਕੋਈ ਸਿਰਫ਼ ਆਪਣੀ ਗੱਲ ਕਹਿਣਾ ਚਾਹੁੰਦਾ ਹੈ ਪਰ ਨਾ ਤਾਂ ਉਹ ਆਪਣੀ ਖ਼ੁਦ ਦੀ ਗੱਲ ਸੁਣਨਾ ਪਸੰਦ ਕਰਦਾ ਹੈ ਤੇ ਨਾ ਹੀ ਦੂਜਿਆਂ ਨੂੰ ਸੁਣਨਾ ਚਾਹੁੰਦਾ ਹੈ ਜਦਕਿ ਕਿਸੇ ਦੀ ਸੁਣਨਾ, ਆਪਣੇ ਆਪ ਨੂੰ ਸੁਣਨਾ ਸਭ ਤੋਂ ਵੱਡਾ ਕੰਮ ਹੈ।

– ਦਮਨਜੀਤ ਕੌਰ