ਨਈ ਦੁਨੀਆ, ਭੋਪਾਲ : ਕਈ ਵਿਰੋਧੀ ਆਗੂਆਂ ਵੱਲੋਂ ਲਾਏ ਗਏ ਫੋਨ ਟੈਪਿੰਗ ਦੀ ਕੋਸ਼ਿਸ਼ ਦੇ ਦੋਸ਼ ’ਤੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਹੈ ਕਿ ਇਹ ਸਭ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਜਦ ਕੋਈ ਮੁੱਦਾ ਨਹੀਂ ਹੁੰਦਾ ਤਾਂ ਵਿਰੋਧੀ ਪਾਰਟੀ ਦੇ ਕੁਝ ਲੋਕ ਜਾਸੂਸੀ ਦੇ ਦੋਸ਼ ਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਐਪਲ ਨੇ ਹੀ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ ਜਿਸ ਵਿਚ ਸਪੱਸ਼ਟ ਹੈ ਕਿ ਜਿਹੋ ਜਿਹਾ ਦੋਸ਼ ਲਾਇਆ ਜਾ ਰਿਹਾ ਹੈ ਅਜਿਹਾ ਕੁਝ ਨਹੀਂ ਹੈ। ਐਪਲ ਵੱਲੋਂ 150 ਦੇਸ਼ਾਂ ਵਿਚ ਅਜਿਹੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕੁਝ ਲੋਕਾਂ ਨੂੰ ਸਿਰਫ਼ ਨਿੰਦਾ ਕਰਨ ਦੀ ਆਦਤ ਹੈ। ਜੋ ਲੋਕ ਦੇਸ਼ ਦੀ ਤਰੱਕੀ ਨੂੰ ਪਚਾ ਨਹੀਂ ਪਾ ਰਹੇ ਹਨ ਉਹ ਧਿਆਨ ਭਟਕਾਉਣ ਵਾਲੀ ਸਿਆਸਤ ਕਰ ਰਹੇ ਹਨ। ਅਜਿਹੇ ਲੋਕਾਂ ਦੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਵਿਸ਼ਵ ਵਿਚ ਆਪਣਾ ਨਾਂ ਕਮਾ ਰਿਹਾ ਹੈ ਉਹ ਮਿੱਟੀ ਵਿਚ ਮਿਲ ਜਾਵੇ ਤੇ ਉਸ ਤਰੱਕੀ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾਵੇ।

ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਸੀ ਕਿ ਫੋਨ ਨਿਰਮਾਤਾ ਕੰਪਨੀ ਐਪਲ ਵੱਲੋਂ ਚਿਤਾਵਨੀ ਸੁਨੇਹੇ ਮਿਲੇ ਹਨ। ਇਸ ਵਿਚ ਚੌਕਸ ਕੀਤਾ ਗਿਆ ਸੀ ਕਿ ਸਟੇਟ-ਸਪਾਂਸਰ, ਅਟੈਕਰਸ ਉਨ੍ਹਾਂ ਦੇ ਆਈ-ਫੋਨ ਤੇ ਦੂਜੇ ਇਲੈਕਟ੍ਰਾਨਿਕ ਉਪਕਰਣਾਂ ਦੀ ਜਾਸੂਸੀ ਕਰ ਰਹੇ ਹਨ। ਵੈਸ਼ਣਵ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ’ਤੇ ਗੰਭੀਰ ਹੈ। ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਮੁੱਦੇ ’ਤੇ ਐਪਲ ਵੱਲੋਂ ਦਿੱਤੀ ਗਈ ਜਾਣਕਾਰੀ ਸਪੱਸ਼ਟ ਨਹੀਂ ਹੈ ਤੇ ਆਮ ਜਿਹੀ ਲਗਦੀ ਹੈ। ਐਪਲ ਦਾ ਕਹਿਣਾ ਹੈ ਕਿ ਇਹ ਸੂਚਨਾਵਾਂ ਸ਼ਾਇਦ ਉਨ੍ਹਾਂ ਸੂਚਨਾਵਾਂ ’ਤੇ ਅਧਾਰਤ ਹਨ ਜੋ ਅਧੂਰੀਆਂ ਹਨ। ਐਪਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਪਲ ਆਈਡੀ ਉਪਕਰਣਾਂ ’ਤੇ ਸੁਰੱਖਿਅਤ ਤੌਰ ’ਤੇ ਇਨਕ੍ਰਿਪਟਿਡ ਹੈ ਜਿਸ ਨਾਲ ਉਪਭੋਗਤਾ ਦੀ ਸਪੱਸ਼ਟ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਤੱਕ ਪਹੁੰਚ ਜਾਂ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਇਨਕ੍ਰਿਪਸ਼ਨ ਉਪਭੋਗਤਾ ਦੀ ਐਪਲ ਆਈਡੀ ਦੀ ਸੁਰੱਖਿਆ ਕਰਦੀ ਹੈ ਤੇ ਇਹ ਯਕੀਨੀ ਬਣਾਉਂਦੀ ਹੈ ਕਿ ਇਹ ਨਿੱਜੀ ਤੇ ਸੁਰੱਖਿਅਤ ਰਹੇ। ਵੈਸ਼ਣਵ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਨਾਗਰਿਕਾਂ ਦੀ ਰਾਜ਼ਦਾਰੀ ਤੇ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੀ ਹੈ। ਉਹ ਇਨ੍ਹਾਂ ਨੋਟੀਫਿਕੇਸ਼ਨਾਂ ਦੀ ਤਹਿ ਤੱਕ ਜਾਣ ਲਈ ਜਾਂਚ ਕਰ ਰਹੀ ਹੈ।