ਸਟਾਫ਼ ਰਿਪੋਰਟਰ,ਫਿਰੋਜ਼ਪੁਰ : ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ-ਡੀਆਰਐਸਏ ਵੱਲੋਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੂਰੇ ਜ਼ਿਲ੍ਹੇ ਦੇ 225 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਦਾਸ ਅਤੇ ਬਰਾਊਨ ਵਰਲਡ ਸਕੂਲ ਦੇ ਸਕੇਟਿੰਗ ਰਿੰਗ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਹਾਇਕ ਕਮਿਸ਼ਨਰ ਕਮ-ਐੱਸਡੀਐਮ ਗੁਰੂਹਰਸਹਾਏ ਸੂਰਜ ਕੁਮਾਰ ਨੇ ਕੀਤਾ। ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਚੈਂਪੀਅਨਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇੱਕ ਦਿਨ ਇਹ ਖਿਡਾਰੀ ਵਿਸ਼ਵ ਵਿੱਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ। ਜਨਰਲ ਸਕੱਤਰ ਮਨਜੀਤ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਫ਼ਿਰੋਜ਼ਪੁਰ ਦੇ ਖਿਡਾਰੀਆਂ ਵੱਲੋਂ ਰੋਲਰ ਸਕੇਟਿੰਗ ਵਿੱਚ ਦੇਸ਼-ਵਿਦੇਸ਼ ਵਿੱਚ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਸ ਖੇਡ ਨੂੰ ਹਰਮਨ ਪਿਆਰਾ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਸਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਕੋਚਿੰਗ ਲਈ ਤਜਰਬੇਕਾਰ ਕੋਚ ਵੀ ਤੈਨਾਤ ਕੀਤੇ ਗਏ ਹਨ। ਸੰਸਥਾ ਦੇ ਸਕੱਤਰ ਅਭਿਸ਼ੇਕ ਮਦਾਨ ਨੇ ਦੱਸਿਆ ਕਿ 14 ਤੋਂ 16 ਸਤੰਬਰ ਤੱਕ ਵੱਖ-ਵੱਖ ਉਮਰ ਵਰਗਾਂ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਸਪੀਡ ਸਕੇਟਿੰਗ, ਰੋਲਰ ਹਾਕੀ, ਇਨਲਾਈਨ ਹਾਕੀ, ਆਰਟਿਸਟਿਕ ਅਤੇ ਫਿਗਰ ਸਕੇਟਿੰਗ, ਸਕੇਟਿੰਗ ਸਕੂਟਰ ਵਰਗੀਆਂ ਵੱਖ-ਵੱਖ ਸਕੇਟਿੰਗ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਅੰਡਰ-5 ਤੋਂ 7, ਅੰਡਰ-7 ਤੋਂ 11, ਅੰਡਰ-11 ਤੋਂ 14, ਅੰਡਰ-14 ਤੋਂ 17, ਅੰਡਰ-17 ਤੋਂ 30 ਅਤੇ ਇਸ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ। ਮਾਪਿਆਂ ਗੁਰਪ੍ਰੀਤ ਸਿੰਘ ਅਤੇ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਰੋਲਰ ਸਕੇਟਿੰਗ ਦੇ ਪਸਾਰ ਲਈ ਸੱਚਮੁੱਚ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਅੰਤ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਰਾਜੇਸ਼ ਚੰਦੇਲ, ਪਵਨ ਮਦਾਨ, ਪਰਮਿੰਦਰ ਸਿੰਘ ਥਿੰਦ, ਖੇਡ ਵਿਭਾਗ ਦੇ ਸਾਬਕਾ ਡਾਇਰੈਕਟਰ ਸੁਨੀਲ ਸ਼ਰਮਾ, ਕਮਲ ਸ਼ਰਮਾ, ਵਿਪੁਲ ਨਾਰੰਗ, ਸੰਦੀਪ ਸ਼ਰਮਾ, ਦੀਪਕ ਮੋਂਗਾ, ਵਿਕਰਮਾਦਿਤਿਆ ਸ਼ਰਮਾ, ਕੋਚ ਅਨੀਸ਼ ਸੇਤੀਆ, ਰੋਹਿਤ, ਗੌਰਵ ਆਦਿ ਹਾਜ਼ਰ ਸਨ।