ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਨੇ ਇਜ਼ਰਾਈਲ ਦੇ ਹਮਲੇ ਨਾਲ ਗਾਜ਼ਾ ’ਚ ਪੈਦਾ ਹੋਏ ਹਾਲਾਤ ’ਚ ਫ਼ਲਸਤੀਨੀਆਂ ਨੂੰ ਮਨੁੱਖੀ ਸਹਾਇਤਾ ਭੇਜੀ ਹੈ। ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਦਵਾਈਆਂ ਤੇ ਰਾਹਤ ਸਮੱਗਰੀ ਲੈ ਕੇ ਐਤਵਾਰ ਨੂੰ ਮਿਸਰ ਪੁੱਜ ਗਿਆ। ਇੱਥੋਂ ਇਹ ਸਮੱਗਰੀ ਗਾਜ਼ਾ ਪਹੁੰਚਾਈ ਜਾਵੇਗੀ। ਪਹਿਲੀ ਖੇਪ ’ਚ ਭਾਰਤ ਨੇ ਫ਼ਲਸਤੀਨੀਆਂ ਲਈ ਲਗਪਗ 6.5 ਟਨ ਡਾਕਟਰੀ ਸਹਾਇਤਾ ਦਾ ਸਾਮਾਨ ਤੇ 32 ਟਨ ਤੋਂ ਜ਼ਿਆਦਾ ਖਾਣ-ਪੀਣ ਦਾ ਸਾਮਾਨ ਤੇ ਹੋਰ ਰਾਹਤ ਸਮੱਗਰੀ ਭੇਜੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਰਾਹਤ ਸਮੱਗਰੀ ਨਾਲ ਲੱਦੇ ਹਵਾਈ ਫ਼ੌਜ ਦੇ ਜਹਾਜ਼ ਦੀ ਤਸਵੀਰ ਐਕਸ ’ਤੇ ਪੋਸਟ ਕਰਦਿਆਂ ਭਾਰਤ ਦੀ ਇਸ ਮਨੁੱਖੀ ਪਹਿਲ ਦੀ ਜਾਣਕਾਰੀ ਸਾਂਝੀ ਕੀਤੀ। ਇਹ ਜਹਾਜ਼ ਮਿਸਰ ਦੇ ਅਲ-ਅਰਿਸ਼ ਹਵਾਈ ਅੱਡੇ ’ਤੇ ਸਹਾਇਤਾ ਲੈ ਕੇ ਪੁੱਜਾ। ਚੇਤੇ ਰਹੇ ਕਿ ਕੌਮਾਂਤਰੀ ਭਾਈਚਾਰੇ ਤੇ ਅਮਰੀਕਾ ਦੇ ਦਬਾਅ ਪਿੱਛੋਂ ਇਜ਼ਰਾਈਲ ਨੇ ਮਿਸਰ ਨਾਲ ਲੱਗਦੀ ਸਰਹੱਦ ਜ਼ਰੀਏ ਰਾਹਤ ਸਮੱਗਰੀ ਗਾਜ਼ਾ ਪਹੁੰਚਾਉਣ ਦੀ ਇਜਾਜ਼ਤ ਦਿੱਤੀ ਹੈ।

ਇਸ ਰਾਹਤ ਸਮੱਗਰੀ ’ਚ ਜੀਵਨ ਰੱਖਿਅਕ ਦਵਾਈਆਂ, ਸਰਜੀਕਲ ਸਾਮਾਨ, ਤੰਬੂ, ਸਲੀਪਿੰਗ ਬੈਗ, ਸਵੱਛਤਾ ਲਈ ਸਹਿਯੋਗੀ ਚੀਜ਼ਾਂ, ਪਾਣੀ ਸ਼ੁੱਧ ਕਰਨ ਵਾਲੀਆਂ ਟੈਬਲੇਟਸ ਤੇ ਖਾਣ-ਪੀਣ ਦੀਆਂ ਵਸਤਾਂ ਸ਼ਾਮਲ ਹਨ। ਜਹਾਜ਼ ਨੇ ਹਿੰਡਨ ਹਵਾਈ ਅੱਡੇ ਤੋਂ ਸਵੇਰੇ ਅੱਠ ਉਡਾਣ ਭਰੀ ਸੀ।

———————–