ਜੇਐੱਨਐੱਨ, ਨਵੀਂ ਦਿੱਲੀ : ਹਰਿਆਣਾ ਦੇ ਨੂਹ ‘ਚ 31 ਜੁਲਾਈ ਨੂੰ ਭੜਕੀ ਹਿੰਸਾ ਤੋਂ ਪਹਿਲਾਂ ਭੜਕਾਊ ਪੋਸਟ ਪਾਉਣ ਦੇ ਦੋਸ਼ ‘ਚ ਕਾਂਗਰਸ ਵਿਧਾਇਕ ਮਾਮਨ ਖਾਨ ਨੂੰ ਵੀਰਵਾਰ ਨੂੰ ਰਾਜਸਥਾਨ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੱਜ ਕਾਂਗਰਸੀ ਵਿਧਾਇਕ ਨੂੰ ਐੱਸਆਈਟੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿਸ ਕਾਰਨ ਪੁਲਿਸ ਨੇ ਜ਼ਿਲ੍ਹੇ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 16 ਸਤੰਬਰ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਨੂਹ ਵਿਚ ਭਾਰੀ ਪੁਲਿਸ ਬਲ ਤੈਨਾਤ
ਵਿਧਾਇਕ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ਵਿਚ ਅਹਿਮ ਥਾਵਾਂ ’ਤੇ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤੇ ਹਨ। ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਫ਼ਿਰੋਜ਼ਪੁਰ ਝੀਰਕਾ ਥਾਣੇ ਵਿਚ ਵਾਧੂ ਫੋਰਸ ਦੀਆਂ ਦੋ ਕੰਪਨੀਆਂ ਬੁਲਾ ਕੇ ਡਿਊਟੀ ਪੁਆਇੰਟ ’ਤੇ ਤਾਇਨਾਤ ਕਰ ਦਿੱਤੀਆਂ ਹਨ।
ਮੁਲਜ਼ਮ ਵਿਧਾਇਕ ਦੇ ਪਿੰਡ ਨੂਹ, ਫ਼ਿਰੋਜ਼ਪੁਰ ਝਿਰਕਾ ਅਤੇ ਬਰਕਾਲੀ ਚੌਕ ਅਤੇ ਪਿੰਡ ਭਾਦਾਸ ਵਿਚ ਵੀ ਪੁਲੀਸ ਤਾਇਨਾਤ ਕੀਤੀ ਗਈ ਹੈ। ਅਹਿਮ ਥਾਵਾਂ ‘ਤੇ ਆਰਏਐੱਫ ਵੀ ਤਾਇਨਾਤ ਕੀਤੀ ਜਾ ਰਹੀ ਹੈ।
ਜ਼ਿਲ੍ਹੇ ਵਿਚ ਧਾਰਾ 144 ਲਾਗੂ
ਪ੍ਰਸ਼ਾਸਨ ਨੇ ਜ਼ਿਲ੍ਹੇ ‘ਚ ਧਾਰਾ 144 ਲਾਗੂ ਕਰ ਕੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਨਾਕਾਬੰਦੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਵਾਹਨਾਂ ਦੀ ਚੈਕਿੰਗ ਕਰ ਕੇ ਹੀ ਜ਼ਿਲ੍ਹੇ ‘ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ‘ਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਦੀ ਅਪੀਲ ਵੀ ਕੀਤੀ ਹੈ। ਮੋਮਨ ਫ਼ਿਰੋਜ਼ਪੁਰ ਝਿਰਕਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।
ਨੂਹ ਵਿੱਚ ਇੰਟਰਨੈਟ ਬੰਦ
ਸੂਤਰਾਂ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਕਾਂਗਰਸੀ ਵਿਧਾਇਕ ਮਾਮਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਹੰਗਾਮਾ ਕਰ ਸਕਦੇ ਹਨ। ਜਿਸ ਕਾਰਨ ਪੁਲਿਸ ਨੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 16 ਸਤੰਬਰ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਤਵਾਡੂ ਵਿੱਚ ਵੀ ਦੁਕਾਨਾਂ ਬੰਦ ਕਰਵਾਈਆਂ ਹਨ।



