ਹਾਂਗਝੂ (ਪੀਟੀਆਈ) : ਏਸ਼ੀਅਨ ਗੇਮਜ਼ ਤੋਂ ਕੁਝ ਮਹੀਨੇ ਪਹਿਲਾਂ ਆਰਤੀ ਕਸਤੂਰੀ ਰਾਜ ਦੇ ਲਈ ਚੀਜਾਂ ਇੰਨੀ ਆਸਾਨ ਨਹੀਂ ਸੀ। ਮਈ ਵਿਚ ਅਭਿਆਸ ਦੌਰਾਨ ਆਰਤੀ ਨੂੰ ਮੱਥੇ ’ਤੇ 20 ਤੋਂ ਜ਼ਿਆਦਾ ਜ਼ਖਮ ਹੋਏ ਸੀ ਤੇ ਉਸ ਨੂੰ 26 ਟਾਂਕੇ ਲਵਾਉਣੇ ਪਏ ਸੀ। ਪਰ ਡਾਕਟਰ ਮਾਂ ਨੇ ਧੀ ਦਾ ਪੂਰਾ ਸਾਥ ਦਿੱਤਾ ਜਿਸ ਦਾ ਨਤੀਜਾ ਇਹ ਹੈ ਕਿ ਭਾਰਤ ਦੀ ਰੋਲਰ ਸਕੇਟਿੰਗ ਦੀ ਇਹ ਖਿਡਾਰੀ ਸੋਮਵਾਰ ਨੂੰ ਏਸ਼ੀਅਨ ਗੇਮਜ਼ ਇਤਿਹਾਸਕ ਕਾਂਸਾ ਤਗਮਾ ਜਿੱਤਣ ਵਿਚ ਸਫਲ ਰਹੀ। ਐੱਮਬੀਬੀਐੱਸ ਕਰ ਚੁੱਕੀ ਆਰਤੀ ਨੇ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ ਤੇ ਉਦੋਂ ਉਹ ਆਪਣੇ ਹਸਪਤਾਲ ਨੂੰ ਚਲਾਉਣ ਵਿਚ ਆਪਣੀ ਮਾਂ ਦਾ ਸਾਥ ਦੇਵੇਗੀ। ਆਰਤੀ ਨੇ ਔਰਤਾਂ ਦੀ 3000 ਮੀਟਰ ਟੀਮ ਰਿਲੇਅ ਵਿਚ ਕਾਂਸਾ ਤਗਮਾ ਜਿੱਤਣ ਤੋਂ ਬਾਅਦ ਕਿਹਾ ਕਿ ਇਸ ਸਾਲ 26 ਮਈ ਨੂੰ ਮੇਰੇ ਨਾਲ ਇਕ ਹਾਦਸਾ ਵਾਪਰ ਗਿਆ ਸੀ ਤੇ ਮੈਨੂੰ 26 ਟਾਂਕੇ ਲੱਗੇ ਸੀ। ਮੇਰੇ ਮੱਥੇ ’ਤੇ ਵੀ ਡੂੰਘੇ ਜ਼ਖਮ ਬਣ ਗਏ ਸੀ। ਮੈ ਇਸ ਦੇ ਬਾਵਜੂਦ ਅਭਿਆਸ ਕੀਤਾ ਤੇ ਇਸ ਵਿਚਾਲੇ ਰਿਹੈਬਿਲੀਟੇਸ਼ਨ ਤੋਂ ਵੀ ਗੁਜ਼ਰਦੀ ਰਹੀ। ਉਨ੍ਹਾਂ ਨੇ ਕਿਹਾ ਕਿ ਇੱਥੇ ਤਗਮਾ ਜਿੱਤਣਾ ਇਹ ਮੇਰੇ ਲਈ ਅਸਲ ਵਿਚ ਸੁਪਨਾ ਸੱਚ ਹੋਣ ਵਰਗਾ ਪਲ ਹੈ। ਜਦੋਂ ਮੈਂ ਸੱਤ ਸਾਲ ਦੀ ਸੀ ਉਦੋਂ ਇਸ ਖੇਡ ਨਾਲ ਜੁੜੀ ਸੀ। ਇਹ ਖੇਡ ਮੇਰਾ ਜਨੂਨ ਹੈ। ਮੇਰੇ ਮਾਤਾ-ਪਿਤਾ ਚਾਹੁੰਦੇ ਸੀ ਕਿ ਮੈਂ ਕੋਈ ਖੇਡ ਖੇਡਾਂ। ਇਸ ਤਗਮੇ ਨੂੰ ਜਿੱਤਣ ਵਿਚ ਮੇਰੀ ਮਾਂ ਦੀ ਭੂਮਿਕਾ ਵੀ ਅਹਿਮ ਰਹੀ।