ਜਾਗਰਣ ਟੀਮ, ਫਾਜ਼ਿਲਕਾ/ਜਲਾਲਾਬਾਦ : ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਿਰੋਜ਼ਪੁਰ ਬਰਾਸਤਾ ਫਾਜ਼ਿਲਕਾ ਰਾਜਸਥਾਨ ਨਾਲ ਜੋੜਨ ਵਾਲੇ ਸਟੇਟ ਹਾਈਵੇ ਐੱਸਐੱਚ 20-ਬੀਟੀਓ ’ਤੇ ਬਣੇ ਦੋਵੇਂ ਟੋਲ ਪਲਾਜ਼ੇ ਬੁੱਧਵਾਰ ਰਾਤ 12 ਵਜੇ ਕੰਪਨੀ ਵੱਲੋਂ ਬੰਦ ਕਰ ਦਿੱਤੇ ਗਏ। ਇਨ੍ਹਾਂ ਵਿਚੋਂ ਇਕ ਟੋਲ ਪਲਾਜ਼ਾ ਪਿੰਡ ਥੇਹਕਲੰਦਰ ਤੇ ਦੂਜਾ ਜਲਾਲਾਬਾਦ ਦੇ ਪਿੰਡ ਮਾਹਮੂਜੋਈਆ ਨੇੜੇ ਬਣਿਆ ਹੋਇਆ ਸੀ।
ਹਾਲਾਂਕਿ ਇੱਥੋਂ ਦੇ ਅਧਿਕਾਰੀਆਂ ਅਨੁਸਾਰ ਕੰਪਨੀ ਨੇ ਇਸ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਰ ਇਹ ਕਦੋਂ ਤੱਕ ਤੇ ਕਿੰਨੇ ਸਮੇਂ ਲਈ ਬੰਦ ਕੀਤੇ ਹਨ ਜਾਂ ਇਸ ਪਿੱਛੇ ਕੀ ਕਾਰਨ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਬੁੱਧਵਾਰ ਰਾਤ ਤੋਂ ਬਾਅਦ ਤੇ ਵੀਰਵਾਰ ਸਾਰਾ ਦਿਨ ਵਾਹਨ ਬਿਨਾਂ ਕੋਈ ਟੋਲ ਦਿੱਤੇ ਇੱਥੋਂ ਲੰਘਦੇ ਨਜ਼ਰ ਆਏ।
ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਵੱਲੋਂ ਰਾਜਸਥਾਨ ਜਾਣ ਵਾਲੇ ਲੋਕ ਫਿਰੋਜ਼ਪੁਰ ਹੁੰਦਿਆਂ ਫਾਜ਼ਿਲਕਾ ਤੇ ਫਾਜ਼ਿਲਕਾ ਤੋਂ ਅਬੋਹਰ ਦੇ ਰਸਤੇ ਰਾਜਸਥਾਨ ਵੱਲ ਜਾਂਦੇ ਹਨ। ਜਦਕਿ ਰਾਜਸਥਾਨ ਤੋਂ ਫਾਜ਼ਿਲਕਾ ਬਰਾਸਤਾ ਫਿਰੋਜ਼ਪੁਰ ਵੱਡੇ ਵਾਹਨ ਦਿੱਲੀ ਤੱਕ ਦਾ ਸਫ਼ਰ ਤੈਅ ਕਰਦੇ ਹਨ। ਜਦਕਿ ਫਾਜ਼ਿਲਕਾ ਤੇ ਫਿਰੋਜ਼ਪੁਰ ਦਰਮਿਆਨ 85 ਕਿਲੋਮੀਟਰ ਦਾ ਮਾਰਗ ਹੈ ਜਿਸ ’ਚ ਰਾਹ ’ਚ ਇਕ ਕੰਪਨੀ ਦੇ ਦੋ ਟੋਲ ਪਲਾਜ਼ੇ ਪੈਂਦੇ ਸਨ। ਇਨ੍ਹਾਂ ਟੋਲ ਪਲਾਜ਼ਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਸ਼ੁਰੂ ਹੋਣ ਦੀ ਤਰੀਕ 11 ਮਾਰਚ 2008 ਸੀ ਪਰ ਬੀਤੀ ਰਾਤ ਕੰਪਨੀ ਨੇ ਇਕ ਨਵਾਂ ਬੋਰਡ ਫਾਜ਼ਿਲਕਾ ਦੇ ਥੇਹਕਲੰਦਰ ਟੋਲ ਪਲਾਜ਼ੇ ’ਤੇ ਲਾਇਆ ਜਿਸ ਵਿਚ ਦੱਸਿਆ ਗਿਆ ਹੈ ਕਿ ਸੋਧ ਕਰਕੇ ਘੱਟ ਕੀਤੀ ਗਈ ਸਮਾਂ ਹੱਦ ਦੀ ਤਰੀਕ 13 ਸਤੰਬਰ 2023 ਹੈ ਜਿਸ ਦੇ ਚੱਲਦਿਆਂ ਕੰਪਨੀ ਨੇ ਬੀਤੀ ਰਾਤ 12 ਵਜੇ ਤੋਂ ਬਾਅਦ ਅਧਿਕਾਰੀਆਂ ਨੂੰ ਟੋਲ ਬੰਦ ਕਰਨ ਲਈ ਕਿਹਾ। ਥੇਹਕਲੰਦਰ ਟੋਲ ਪਲਾਜ਼ੇ ਦੇ ਇੰਚਾਰਜ ਬਹਾਦੁਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਆਦੇਸ਼ ਮਿਲੇ ਤੇ ਰਾਤ ਨੂੰ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 47 ਦਿਨ ਪਹਿਲਾਂ ਟੋਲ ਪਲਾਜ਼ਾ ਬੰਦ ਕਰਨ ਵਾਲੇ ਉਹ ਕੁਝ ਨਹੀਂ ਕਹਿ ਸਕਦੇ, ਇਸ ਬਾਰੇ ਕੰਪਨੀ ਦੇ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ। ਉਨ੍ਹਾਂ ਦੱਸਿਆ ਕਿ 42 ਮੁਲਾਜ਼ਮ ਇੱਥੇ ਕੰਮ ਕਰਦੇ ਸਨ ਜਿਨ੍ਹਾਂ ਬਾਰੇ ਕੰਪਨੀ ਨੂੰ ਦੱਸਿਆ ਗਿਆ ਹੈ। ਇਨ੍ਹਾਂ ਬਾਰੇ ਅਗਲਾ ਫ਼ੈਸਲਾ ਕੰਪਨੀ ਲਵੇਗੀ।
ਉਧਰ ਮਾਹਮੂਜੋਈਆ ਟੋਲ ਪਲਾਜ਼ੇ ਦੇ ਇੰਚਾਰਜ ਝਿਲਮਿਲ ਸਿੰਘ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 2008 ਤੋਂ ਚੱਲ ਰਹੇ ਸਨ ਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਇਹ ਟੋਲ ਪਲਾਜ਼ਾ ਬੀਤੀ ਰਾਤ ਤੋਂ ਬੰਦ ਕਰਨ ਦੇ ਆਦੇਸ਼ ਮਿਲੇ ਸਨ ਜਿਸ ਪਿੱਛੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਦੋਂ ਤੱਕ ਬੰਦ ਕੀਤੇ ਗਏ ਹਨ ਤਾਂ ਮੁੜ ਦੁਬਾਰਾ ਚਲਾਏ ਜਾਣਗੇ ਜਾਂ ਨਹੀਂ ਇਸ ਬਾਰੇ ਕੰਪਨੀ ਦੇ ਅਧਿਕਾਰੀ ਹੀ ਦੱਸ ਸਕਦੇ ਹਨ।
————————–



