ਸਟਾਫ ਰਿਪੋਰਟਰ, ਹੁਸ਼ਿਆਰਪੁਰ : ਪਿੰਡ ਫਤਿਹਪੁਰ ਕੋਲ ਕੰਢੀ ਨਹਿਰ ਵਿਚ ਨਹਾਉਣ ਗਿਆ ਇਕ ਪਰਵਾਸੀ ਮਜ਼ਦੂਰ ਰੁੜ੍ਹ ਗਿਆ ਜਦਕਿ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰਨ ਵਾਲੀ ਉਸ ਦੀ ਪਤਨੀ ਨੂੰ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਬਚਾਇਆ।
ਪੁਲਿਸ ਥਾਣਾ ਤਲਵਾੜਾ ਦੇ ਐੱਸਐੱਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਰੁੜ੍ਹਨ ਵਾਲੇ ਪਰਵਾਸੀ ਮਜ਼ਦੂਰ ਸੂਰਜ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੂਰਜ ਵਾਸੀ ਰਾਜਸਥਾਨ ਹਾਲ ਵਾਸੀ ਪਿੰਡ ਚੌਹਾਲ ਜ਼ਿਲ੍ਹਾ ਹੁਸ਼ਿਆਰਪੁਰ ਦੋ ਮਹੀਨੇ ਤੋਂ ਪਿੰਡ ਫਤਿਹਪੁਰ ਵਿਖੇ ਸੜਕ ਕੰਢੇ ਡੇਰਾ ਲਗਾ ਕੇ ਰਹਿ ਰਿਹਾ ਸੀ। ਸੂਰਜ ਜੜ੍ਹੀ ਬੂਟੀਆਂ ਨਾਲ ਲੋਕਾਂ ਦਾ ਇਲਾਜ ਕਰਦਾ ਸੀ। ਇਸੇ ਆਮਦਨ ਨਾਲ ਉਸ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।
ਸੂਰਜ ਰੋਜ਼ਾਨਾ ਕੰਢੀ ਨਹਿਰ ’ਚ ਨਹਾਉਣ ਜਾਂਦਾ ਸੀ। ਬੁੱਧਵਾਰ ਨੂੰ ਵੀ ਉਹ ਆਪਣੇ ਸਾਲੇ ਨਾਲ ਨਹਿਰ ’ਚ ਨਹਾਉਣ ਗਿਆ ਸੀ। ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਦਕਿ ਉਸ ਦਾ ਸਾਲਾ ਨਹਿਰ ਕੰਢੇ ਨਹਾ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਸੂਰਜ ਦੇ ਡੁੱਬਣ ਦਾ ਪਤਾ ਲੱਗਦਿਆਂ ਉਸ ਦੇ ਸਾਲੇ ਨੇ ਆਪਣੀ ਭੈਣ ਤੇ ਹੋਰਨਾਂ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ। ਇਸ ਮੌਕੇ ਸੂਰਜ ਨੂੰ ਬਚਾਉਣ ਖਾਤਰ ਉਸ ਦੀ ਪਤਨੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਉਸ ਨੂੰ ਸੂਰਜ ਕਿਧਰੇ ਨਾ ਮਿਲਿਆ। ਲੋਕਾਂ ਨੇ ਬੜੀ ਮੁਸ਼ਕਲ ਨਾਲ ਸੂਰਜ ਦੀ ਪਤਨੀ ਨੂੰ ਨਹਿਰ ’ਚੋਂ ਕੱਢਿਆ।
ਐੱਸਐੱਚਏ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲਿਸ ਨੇ ਨਹਿਰੀ ਵਿਭਾਗ ਤੋਂ ਸੂਰਜ ਦੀ ਲਾਸ਼ ਨੂੰ ਲੱਭਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ।



