ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਜ ਦੀ ਜੋਤੀ ਸੁਰੇਖਾ ਵੇਨਮ ਤੇ ਓਜਸ ਡਿਓਟੇਲ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ 2023 ‘ਚ ਤੀਰਅੰਦਾਜ਼ੀ ਦੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ‘ਚ ਗੋਲਡ ਮੈਡਲ ਜਿੱਤਿਆ।

ਭਾਰਤੀ ਜੋੜੀ ਨੇ ਫੂਯਾਂਗ ਯਿਨਹੂ ਸਪੋਰਟਸ ਸੈਂਟਰ ਫਾਈਨਲ ਫੀਲਡ ‘ਚ ਖੇਡੇ ਗਏ ਫਾਈਨਲ ‘ਚ ਦੱਖਣੀ ਕੋਰੀਆ ਦੀ ਸੂ ਚਾਏਵੋਂ ਤੇ ਜੂ ਜਾਏਹੂੰ ਦੀ ਜੋੜੀ ਨੂੰ 159-158 ਦੇ ਸਕੋਰ ਨਾਲ ਹਰਾਇਆ। ਭਾਰਤ ਨੇ ਰੋਮਾਂਚਕ ਫਾਈਨਲ ਮੈਚ ਸਿਰਫ 1 ਅੰਕ ਦੇ ਫਰਕ ਨਾਲ ਜਿੱਤਿਆ।

ਭਾਰਤ ਨੇ ਰਚਿਆ ਇਤਿਹਾਸ

ਤੁਹਾਨੂੰ ਦੱਸ ਦੇਈਏ ਕਿ ਜੋਤੀ-ਓਜਸ ਨੇ ਭਾਰਤ ਲਈ 71ਵਾਂ ਮੈਡਲ ਜਿੱਤਿਆ ਹੈ। ਭਾਰਤ ਨੇ ਏਸ਼ਿਆਈ ਖੇਡਾਂ ਦੇ ਇਤਿਹਾਸ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਤੇ 71 ਤਗਮੇ ਜਿੱਤੇ, ਜਿਨ੍ਹਾਂ ਵਿਚ ਵਾਧਾ ਯਕੀਨੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 2018 ਜਕਾਰਤਾ ਏਸ਼ਿਆਈ ਖੇਡਾਂ ‘ਚ 70 ਮੈਡਲ ਜਿੱਤੇ ਸਨ।

ਭਾਰਤ ਨੇ ਤੀਰਅੰਦਾਜ਼ੀ ਰਾਹੀਂ ਆਪਣਾ 16ਵਾਂ ਗੋਲਡ ਮੈਡਲ ਹਾਸਲ ਕੀਤਾ। ਇਸ ਨਾਲ ਭਾਰਤ ਨੇ ਪਿਛਲੀਆਂ ਏਸ਼ਿਆਈ ਖੇਡਾਂ ‘ਚ ਜਿੱਤੇ 16 ਗੋਲਡ ਮੈਲਾਂ ਦੀ ਬਰਾਬਰੀ ਵੀ ਕਰ ਲਈ ਹੈ।

ਮੰਜੂ-ਰਾਮ ਨੇ ਜਿੱਤਿਆ ਬ੍ਰੌਨਜ਼

ਇਸ ਤੋਂ ਪਹਿਲਾਂ ਭਾਰਤੀ ਅਥਲੀਟਾਂ ਮੰਜੂ ਰਾਣੀ ਤੇ ਰਾਮ ਬਾਬੂ ਨੇ 35 ਕਿਲੋਮੀਟਰ ਮਿਕਸਡ ਟੀਮ ਰੇਸ ਵਾਕ ਮੁਕਾਬਲੇ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਮੰਜੂ-ਰਾਮ ਨੇ ਕੁੱਲ 5 ਘੰਟੇ 51 ਮਿੰਟ ਤੇ 14 ਸੈਕਿੰਡ ‘ਚ ਦੌੜ ਪੂਰੀ ਕੀਤੀ। ਚੀਨ ਨੇ ਗੋਲਡ ਮੈਡਲ ਤੇ ਜਾਪਾਨ ਨੇ ਸਿਲਵਰ ਮੈਡਲ ਜਿੱਤਿਆ।