ਜਾ.ਸ., ਭੁਵਨੇਸ਼ਵਰ : ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਆਨਲਾਈਨ ਪੋਂਜੀ ਘਪਲਾ ਮਾਮਲੇ ਵਿਚ ਬਾਲੀਵੁੱਡ ਕਲਾਕਾਰ ਗੋਵਿੰਦਾ ਤੋਂ ਓਡਿਸ਼ਾ ਕ੍ਰਾਈਮ ਬ੍ਰਾਂਚ ਦੀ ਆਰਥਕ ਅਪਰਾਧ ਸ਼ਾਖਾ (ਈਓਡਬਲਿਊ) ਪੁੱਛਗਿੱਛ ਕਰੇਗੀ। ਸੋਲਰ ਟੈਕਨੋਲੋਜੀ ਅਲਾਇੰਸ (ਐੱਸਟੀਏ) ’ਤੇ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ। ਗੋਵਿੰਦਾ ਇਸ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੁੰਦਾ ਸੀ ਤੇ ਉਸ ’ਤੇ ਲੋਕਾਂ ਨੂੰ ਪੈਸੇ ਲਾਉਣ ਲਈ ਪ੍ਰੇਰਿਤ ਕਰਨ ਦੇ ਦੋਸ਼ ਲੱਗੇ ਹਨ। ਹੁਣ, ਈਓਡਬਲਿਊ ਬਾਲੀਵੁੱਡ ਕਲਾਕਾਰ ਗੋਵਿੰਦਾ ਨੂੰ ਸੰਮਨ ਭੇਜ ਕੇ ਭੁਵਨੇਸ਼ਵਰ ਸੱਦ ਸਕਦੀ ਹੈ ਜਾਂ ਫਿਰ ਮੁੰਬਈ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਡੀਐੱਸਪੀ, ਈਓਡਬਲਿਊ, ਸੁਸਮਿਤਾ ਸਾਹੂ ਨੇ ਵੀ ਇਸ ਮਾਮਲੇ ਵਿਚ ਕਲਾਕਾਰ ਤੋਂ ਪੁੱਛਗਿੱਛ ਦੀ ਤਿਆਰੀ ਸ਼ੁਰੂ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਇਹ ਕੰਪਨੀ 2021 ਵਿਚ ਸ਼ੁਰੂ ਕੀਤੀ ਗਈ ਸੀ। ਕੁਝ ਮਹੀਨੇ ਪਹਿਲਾਂ ਗੋਆ ਵਿਚ ਇਕ ਸਮਾਗਮ ਹੋਇਆ ਸੀ, ਇਸ ਵਿਚ ਗੋਵਿੰਦਾ ਸ਼ਾਮਲ ਹੋਇਆ ਸੀ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੌਰਾਨ ਉਸ ਨੇ ਲੋਕਾਂ ਨੂੰ ਇਸ ਕੰਪਨੀ ਵਿਚ ਪੈਸੇ ਲਾਉਣ ਲਈ ਪ੍ਰੇਰਣਾ ਕੀਤੀ ਸੀ। ਇਸ ਮਗਰੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਕੰਪਨੀ ਵਿਚ ਨਿਵੇਸ਼ ਕੀਤਾ ਸੀ।