ਸ੍ਰੀਨਗਰ, ਸਟੇਟ ਬਿਊਰੋ : ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ। ਇਸ ਮੁਕਾਬਲੇ ਵਿਚ ਡੀਐਸਪੀ, ਕਰਨਲ ਅਤੇ ਮੇਜਰ ਸ਼ਹੀਦ ਹੋ ਗਏ ਸਨ, ਉੱਥੇ ਹੀ ਅੱਜ ਇਸ ਮੁਕਾਬਲੇ ‘ਚ ਲਾਪਤਾ ਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਲਾਪਤਾ ਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਸ਼ਹੀਦ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਚਾਰ ਹੋ ਗਈ ਹੈ।
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲ਼ੀਬਾਰੀ ਜਾਰੀ
ਅਧਿਕਾਰਤ ਤੌਰ ‘ਤੇ ਫੌਜ ਦੇ ਕਿਸੇ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਨੇ ਲਾਪਤਾ ਜਵਾਨ ਦੀ ਲਾਸ਼ ਮਿਲਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਜ਼ਖਮੀ ਫੌਜ ਆਪਣੇ ਜ਼ਖਮਾਂ ਨੂੰ ਨਾ ਸਹਾਰਦਿਆਂ ਹੋਇਆ ਸ਼ਹੀਦ ਹੋ ਗਿਆ ਹੈ। ਇਸ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਰੁਕ-ਰੁਕ ਕੇ ਗੋਲ਼ੀਬਾਰੀ ਜਾਰੀ ਹੈ। ਘੇਰਾਬੰਦੀ ਵਿਚ ਫਸੇ ਅੱਤਵਾਦੀਆਂ ਵਿੱਚੋਂ ਕੋਈ ਮਾਰਿਆ ਗਿਆ ਜਾਂ ਜ਼ਖਮੀ ਹੋਇਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਦਰੱਖਤਾਂ ਤੇ ਝਾੜੀਆਂ ‘ਚ ਦੇਖੀ ਗਈ ਜਵਾਨ ਦੀ ਲਾਸ਼
ਅੱਤਵਾਦੀਆਂ ਨੂੰ ਲੱਭਣ ਲਈ ਹੇਰੋਨ ਡਰੋਨ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਸਬੰਧਿਤ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਸੈਨਿਕਾਂ ਨੇ ਅੱਤਵਾਦੀਆਂ ਨੂੰ ਮਾਰਨ ਲਈ ਆਪਣੀ ਕਾਰਵਾਈ ਮੁੜ ਸ਼ੁਰੂ ਕਰ ਦਿੱਤੀ। ਜਿਵੇਂ ਹੀ ਜਵਾਨ ਪਹਾੜੀ ‘ਤੇ ਅੱਤਵਾਦੀਆਂ ਦੇ ਟਿਕਾਣੇ ਵੱਲ ਵਧੇ ਤਾਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਜਵਾਨਾਂ ਨੇ ਰੁੱਖਾਂ ਤੇ ਝਾੜੀਆਂ ਵਿਚਕਾਰ ਇਕ ਥਾਂ ‘ਤੇ ਆਪਣੇ ਸਾਥੀ ਦੀ ਲਾਸ਼ ਦੇਖੀ।
#WATCH | Anti-terrorist operation by security forces continues in Kokernag area of Anantnag
(Visuals deferred by unspecified time) pic.twitter.com/cgxXIEnRlP
— ANI (@ANI) September 15, 2023
ਮੁਕਾਬਲੇ ਵਾਲੀ ਥਾਂ ਤੋਂ ਨਹੀਂ ਲਿਆਂਦੀ ਗਈ ਜਵਾਨ ਦੀ ਲਾਸ਼
ਦੱਸਿਆ ਜਾ ਰਿਹਾ ਹੈ ਕਿ ਲਾਸ਼ ਲਾਪਤਾ ਜਵਾਨ ਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਜਵਾਨ ਦੀ ਲਾਸ਼ ਨੂੰ ਅਜੇ ਤੱਕ ਮੁਕਾਬਲੇ ਵਾਲੀ ਥਾਂ ਤੋਂ ਹੇਠਾਂ ਨਹੀਂ ਲਿਆਂਦਾ ਗਿਆ ਹੈ। ਲਾਸ਼ ਅੱਤਵਾਦੀ ਟਿਕਾਣੇ ਦੇ ਬਿਲਕੁਲ ਸਾਹਮਣੇ ਪਈ ਹੈ। ਗਡੋਲ ਅਨੰਤਨਾਗ ‘ਚ ਮੁੱਠਭੇੜ ਮੰਗਲਵਾਰ ਦੇਰ ਰਾਤ ਸ਼ੁਰੂ ਹੋਈ ਜਦੋਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਪੁਲਿਸ ਅਤੇ ਫੌਜ ਦੇ 19 ਆਰਆਰ ਜਵਾਨਾਂ ਨੇ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ।
ਡਰੋਨ ਨਾਲ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ
ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਕਿਸੇ ਨੁਕਸਾਨ ਤੋਂ ਬਚਣ ਲਈ ਪੂਰੀ ਸਾਵਧਾਨੀ ਨਾਲ ਹੌਲੀ-ਹੌਲੀ ਅੱਗੇ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਡਰੋਨ ਅਤੇ ਸਨੀਫਰ ਕੁੱਤਿਆਂ ਦੀ ਵੀ ਮਦਦ ਲਈ ਗਈ ਹੈ। ਅੱਤਵਾਦੀਆਂ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਭੱਜਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।





