ਨਵੀਨ ਨਵਾਜ਼, ਸ਼੍ਰੀਨਗਰ : ‘ਨਹੀਂ ਸਰ, ਹਾਲੇ ਆਰਾਮ ਦਾ ਵਕਤ ਨਹੀਂ ਹੈ। ਫ਼ੌਜੀ ਹਾਂ, ਆਪ੍ਰੇਸ਼ਨਲ ਏਰੀਆ ਤੋਂ ਬਾਹਰ ਜਾ ਕੇ ਕੀ ਕਰਾਂਗਾ। ਮੈਂ ਦੱਖਣੀ ਕਸ਼ਮੀਰ ’ਚ ਆਪਣੇ ਪੁਰਾਣੇ ਸਾਥੀਆਂ ਨਾਲ ਹੀ ਰਹਿਣਾ ਬਿਹਤਰ ਸਮਝਾਂਗਾ।’ ਸਾਲ 2021 ’ਚ ਕਰਨਲ ਦੇ ਅਹੁਦੇ ’ਤੇ ਤਰੱਕੀ ਹੋਣ ਸਮੇਂ ਮਨਪ੍ਰੀਤ ਸਿੰਘ ਨੇ ਅਧਿਕਾਰੀਆਂ ਸਾਹਮਣੇ ਆਪਣੀ ਇੱਛਾ ਨਾਲ ਕਸ਼ਮੀਰ ’ਚ ਅੱਤਵਾਦੀਆਂ ਦਾ ਗੜ੍ਹ ਅਖਵਾਉਣ ਵਾਲੇ ਦੱਖਣੀ ਕਸ਼ਮੀਰ ’ਚ ਪੋਸਟਿੰਗ ਲਈ ਸੀ। ਉਹ ਫ਼ੌਜ ਦੀ 19 ਆਰਆਰ ਚ ਬਤੌਰ ਲੈਫਟੀਨੈਂਟ ਕਰਨਲ ਪਹਿਲਾਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ। ਉਨ੍ਹਾਂ ਨੇ ਸਿਰਫ਼ ਅੱਤਵਾਦ ਖ਼ਿਲਾਫ਼ ਹੀ ਨਹੀਂ ਸਗੋਂ ਨਸ਼ੇ ਖ਼ਿਲਾਫ਼ ਵੀ ਜੰਗ ਛੇੜ ਰੱਖੀ ਸੀ। ਸਥਾਨਕ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਉਹ ਇਲਾਕੇ ’ਚ ਸਮੇਂ-ਸਮੇਂ ’ਤੇ ਖੇਡ ਮੁਕਾਬਲੇ ਕਰਵਾਉਂਦੇ ਸਨ। ਅਨੰਤਨਾਗ ’ਚ ਜਿੱਥੇ ਉਹ ਬੁੱਧਵਾਰ ਨੂੰ ਦੋ ਹੋਰ ਅਧਿਕਾਰੀਆਂ ਮੇਜਰ ਆਸ਼ੀਸ਼ ਧੌਂਚਕ ਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਮੁਜੰਮਿਲ ਹੁਮਾਯੂ ਬੱਟ ਨਾਲ ਸ਼ਹੀਦ ਹੋਏ, ਉੱਥੇ ਵੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਖੇਡ ਮੁਕਾਬਲਾ ਕਰਵਾਇਆ ਸੀ।

ਫ਼ੌਜ ਦੀ ਵਿਕਟਰ ਫੋਰਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਰਨਲ ਮਨਪ੍ਰੀਤ ਸਿੰਘ ਨੂੰ ਪੀਸ ਪੋਸਟਿੰਗ ਮਿਲ ਰਹੀ ਸੀ, ਜਿਸ ਦੇ ਉਹ ਅਧਿਕਾਰੀ ਸਨ ਪਰ ਉਹ ਕਹਿੰਦੇ ਸਨ ਕਿ ਫ਼ੌਜੀ ਜੇ ਜ਼ਿਆਦਾ ਦੇਰ ਤੱਕ ਆਰਾਮਦਾਇਕ ਜਗ੍ਹਾ ਬੈਠੇਗਾ ਤਾਂ ਉਸ ਨੂੰ ਜ਼ੰਗ ਲੱਗ ਸਕਦੀ ਹੈ। ਉਹ ਹਮੇਸ਼ਾ ਹਰ ਮੋਰਚੇ ’ਤੇ ਅੱਗੇ ਰਹਿੰਦੇ ਸਨ। ਜਦੋਂ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਾਂਦੀ ਤਾਂ ਉਹ ਕਹਿੰਦੇ ਸਨ ਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਤੱਕ ਹਾਂ, ਮੇਰੀ ਵਾਹਿਨੀ ਦਾ ਹਰ ਜਵਾਨ ਤੇ ਅਧਿਕਾਰੀ ਸੁਰੱਖਿਅਤ ਰਹਿਣ। ਦੱਸਣਯੋਗ ਹੈ ਕਿ ਫ਼ੌਜ ਦੀ 19 ਆਰਆਰ ਨੇ ਹੀ ਸਾਲ 2016 ’ਚ ਹਿਜਬੁਲ ਦੇ ਪੋਸਟਰ ਬੁਆਏ ਬੁਰਹਾਨ ਵਾਨੀ ਨੂੰ ਉਸ ਦੇ ਸਾਥੀ ਸਮੇਤ ਬਮਡੂਰਾ ’ਚ ਮਾਰ ਦਿੱਤਾ ਸੀ।

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਨੂੰ 19 ਆਰਆਰ ’ਚ ਟੂਆਈਸੀ ਦੇ ਅਹੁਦੇ ’ਤੇ ਰਹਿੰਦਿਆਂ ਸੈਨਾ ਮੈਡਲ ਮਿਲਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਵੇਰੀਨਾਗ ’ਚ ਹਿਜਬੁਲ ਦੇ ਅੱਤਵਾਦੀਆਂ ਨੂੰ ਮਾਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮੁਹਿੰਮ ’ਚ ਉਨ੍ਹਾਂ ਨਾਲ ਮੇਜਰ ਆਸ਼ੀਸ਼ ਧੌਂਚਕ ਵੀ ਸਨ। ਹਰਿਆਣਾ ਦੇ ਪਾਨੀਪਤ ਦੇ ਰਹਿਣ ਵਾਲੇ ਮੇਜਰ ਧੌਂਚਕ ਨੂੰ ਵੀ ਇਸੇ ਸਾਲ ਸੈਨਾ ਮੈਡਲ ਮਿਲਿਆ ਸੀ। ਅਕਸਰ ਉਹ ਦੋਵੇਂ ਇਕੱਠੇ ਹੀ ਅੱਤਵਾਦ ਰੋਕੂ ਮੁਹਿੰਮਾਂ ’ਚ ਨਜ਼ਰ ਆਉਂਦੇ ਸਨ।

ਨੌਜਵਾਨਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਰਹੇ ਯਤਨਸ਼ੀਲ

ਅਨੰਤਨਾਗ ਦੇ ਸਾਦੀਵਾਰਾ ਇਲਾਕੇ ਦੇ ਸਰਪੰਚ ਫਾਰੂਕ ਅਹਿਮਦ ਮੀਰ ਨੇ ਕਿਹਾ ਕਿ ਕਰਨਲ ਮਨਪ੍ਰੀਤ ਸਿੰਘ ਕਹਿੰਦੇ ਸਨ ਕਿ ਅੱਤਵਾਦ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਗੁਮਰਾਹ ਹੋਣ ਤੋਂ ਬਚਾਉਣਾ ਹੈ। ਇਸ ਲਈ ਉਹ ਨਾ ਸਿਰਫ਼ ਸਥਾਨਕ ਲੋਕਾਂ ਨਾਲ ਬੈਠਕਾਂ ਕਰਦੇ ਸਗੋਂ ਨੌਜਵਾਨਾਂ ਨਾਲ ਵੀ ਰਾਬਤਾ ਕਾਇਮ ਕਰਦੇ ਸਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਚਿਨਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀ। ਉਨ੍ਹਾਂ ਨੇ ਅਗਨੀਵੀਰ ਬਣਨ ਦੇ ਇੱਛੁਕ ਨੌਜਵਾਨਾਂ ਲਈ ਸਿਖਲਾਈ ਸੈਸ਼ਨ ਵੀ ਕਰਵਾਏ। ਰੂਬੀਆ ਸਈਅਦ ਨਾਂ ਦੀ ਸਥਾਨਕ ਮਹਿਲਾ ਕ੍ਰਿਕਟਰ ਨੇ ਕਿਹਾ ਕਿ ਕਰਨਲ ਮਨਪ੍ਰੀਤ ਸਿੰਘ ਹਮੇਸ਼ਾ ਸਥਾਨਕ ਖਿਡਾਰੀਆਂ ਦਾ ਮਨੋਬਲ ਵਧਾਉਂਦੇ। ਉਹ ਖੇਡਾਂ ’ਚ ਭਵਿੱਖ ਬਣਾਉਣ ਦੇ ਇੱਛੁਕ ਨੌਜਵਾਨਾਂ ਦੀ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰਦੇ।