ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਭਾਰਤ ਦਾ ਸੰਵਿਧਾਨ ਧਰਮ ਨਿਰਪੱਖਤਾ ਦੇ ਆਧਾਰ ਤੇ ਲੋਕਾਂ ਨੂੰ ਹੱਕ ਨਿਆਂ ਇਨਸਾਫ ਤੇ ਸੁਰੱਖਿਆ ਦਿੰਦਾ ਹੈ। ਭਾਰਤੀ ਸੰਸਦ ਲੋਕ ਹਿਤਾਂ ਲਈ ਕਾਨੂੰਨ ਬਣਾਉਣ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਪਰ ਅਜਿਹਾ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਸਾਫ਼ ਸੁਥਰੇ ਅਕਸ ਵਾਲੇ ਹੋਣ। ਬੀਤੇ ਦਿਨੀਂ ਏਡੀਆਰ ਵੱਲੋਂ ਜਾਰੀ ਰਿਪੋਰਟ ਨੇ ਸੰਸਦ ਮੈਂਬਰਾਂ ਦੇ ਚਰਿੱਤਰ ਬਾਰੇ ਖੁਲਾਸਾ ਕਰਦਿਆਂ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਉਕਤ ਪ੍ਰਗਟਾਵਾ ਸੀਪੀਆਈ (ਐੱਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕਾਮਰੇਡ ਸੇਖੋਂ ਨੇ ਕਿਹਾ ਜਿਸ ਸੰਸਦ ਨੇ ਲੋਕਾਂ, ਖਾਸ ਕਰ ਅੌਰਤਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣੇ ਹਨ ਤੇ ਲਾਗੂ ਕਰਨੇ ਹਨ, ਜੇਕਰ ਉਸ ਦੇ ਮੈਂਬਰ ਹੀ ਸਾਫ਼ ਚਰਿੱਤਰ ਵਾਲੇ ਨਹੀਂ ਹੋਣਗੇ ਤਾਂ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ।