ਅਵਿਨਾਸ਼ ਸ਼ਰਮਾ, ਸਿੱਧਵਾਂ ਦੋਨਾਂ : ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਟੀਮ ਗਠਿਤ ਕੀਤੀ ਗਈ। ਟੀਮ ਵੱਲੋਂ ਸਿੱਧਵਾਂ ਦੋਨਾਂ ਪਿੰਡ ਦਾ ਦੌਰਾ ਕਰ ਕੇ ਡੇਂਗੂ ਬਾਰੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਇਸ ਜ਼ਿਲ੍ਹਾ ਪੱਧਰੀ ਟੀਮ ‘ਚ ਡਾਕਟਰ ਰਾਜੀਵ ਪਰਾਸ਼ਰ ਜ਼ਿਲ੍ਹਾ ਸਿਹਤ ਅਫਸਰ, ਐਪੀਡਾਇਮੋਲੋਜਿਸਟ ਡਾਕਟਰ ਭਰਮਿੰਦਰ ਬੈਂਸ, ਐਪੀਡਾਇਮੋਲੋਜਿਸਟ ਡਾਕਟਰ ਰਾਜੀਵ ਭਗਤ ਸ਼ਾਮਲ ਸਨ। ਪਿੰਡ ਸਿੱਧਵਾਂ ਦੋਨਾਂ ਦਾ ਦੌਰਾ ਕਰਨ ਮੌਕੇ ਡਾਕਟਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਟੀਮਾਂ ਵੱਲੋਂ ਘਰ-ਘਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਬੁਖਾਰ ਬਾਰੇ ਜਾਗਰੂਕ ਕਰ ਰਹੀਆਂ ਹਨ। ਇਸ ਮੌਕੇ ਮਿਲੇ ਲਾਰਵੇ ਨੂੰ ਨਸ਼ਟ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਫੋਗਿੰਗ ਕਰਵਾਈ ਜਾ ਚੁੱਕੀ ਹੈ, ਪਿੰਡ ਕੋਲ ਆਪਣੀ ਫੋਗਿੰਗ ਮਸ਼ੀਨ ਹੈ, ਜਿਸ ਸਬੰਧੀ ਇਕ ਵਾਰ ਹੋਰ ਫੋਗਿੰਗ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸਿੱਧਵਾਂ ਦੋਨਾਂ ਦੇ ਡਾਕਟਰਾਂ ਵੱਲੋਂ ਕਰਵਾਏ ਗਏ ਸਰਵੇ ਦੌਰਾਨ ਸਾਹਮਣੇ ਆਇਆ ਹੈ ਕਿ ਪਿੰਡ ਵਿਚ ਬੁਖਾਰ ਦੇ ਮਰੀਜ਼ ਹਨ ਪਰ ਡੇਂਗੂ ਦਾ ਅਜੇ ਤਕ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਮੌਕੇ ਮੌਜੂਦ ਨੋਡਲ ਅਫਸਰ ਡਾਕਟਰ ਗੁਰਨਾਮ ਸਿੰਘ ਅਤੇ ਸਿੱਧਵਾਂ ਦੋਨਾਂ ਦੇ ਰੂਲਰ ਮੈਡੀਕਲ ਅਫਸਰ ਡਾਕਟਰ ਸੀਰਤ ਕੌਰ ਕਲੇਰ, ਆਯੁਰਵੈਦਿਕ ਡਾਕਟਰ ਬਲਰਾਮ, ਸੀਐੱਚਓ ਕਾਮਨੀ ਡੋਗਰਾ ਨੂੰ ਦਿਸ਼ਾ ਨਿਰਦੇਸ਼ ਦਿੰਦੇ ਕਿਹਾ ਕਿ ਲੋਕਾਂ ਨੂੰ ਡੇਂਗੂ ਬੁਖਾਰ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਜਾਂ ਘਰਾਂ ਦੇ ਆਲੇ-ਦੁਆਲੇ ਸਾਫ਼ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਲੋਕ ਪੂਰੀਆਂ ਬਾਹਾਂ ਦੇ ਕੱਪੜੇ ਪਾਉਣ, ਸੌਣ ਵੇਲੇ ਮੱਛਰ ਦਾਨੀਆਂ ਦੀ ਵਰਤੋਂ ਕੀਤੀ ਜਾਵੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਕੋਆਇਲ ਦੀ ਵਰਤੋਂ ਕਰਨ, ਘਰਾਂ ਦੇ ਕੂਲਰਾਂ ਫਰਿੱਜਾਂ ਦੀਆਂ ਟਰੇਆਂ ਗਮਲਿਆਂ ਨੂੰ ਹਫਤੇ ਵਿਚ ਇਕ ਵਾਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਬੁਖਾਰ ਹੋਣ ‘ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।