ਵਿਜੇ ਸੋਨੀ, ਫਗਵਾੜਾ : ਪੰਜਾਬੀ ਸਮਾਜ ‘ਚ ਭਰੂਣ ਹੱਤਿਆ ਇਕ ਗੰਭੀਰ ਸਮੱਸਿਆ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ। ਇਸੇ ਕਰਕੇ ਪੰਜਾਬ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਗਰਭਵਤੀਆਂ ਦੇ ਪੇਟ ਵਿਚ ਲੜਕੀਆਂ ਨੂੰ ਮਾਰਨ ਦੀ ਪ੍ਰਵਿਰਤੀ ਵਿਚ ਲਗਾਤਾਰ ਵਾਧਾ ਹੋਇਆ ਹੈ ਭਾਵੇਂ ਕਿ ਸਰਕਾਰ ਵੱਲੋਂ ਇਸ ਸਮਾਜਿਕ ਸਮੱਸਿਆਂ ਦੇ ਹੱਲ ਲਈ ਜਾਗਰੂਕਤਾ ਮੁਹਿੰਮ ਵੀ ਸਮੇਂ ਸਮੇਂ ਚਲਾਈ ਗਈ ਹੈ। ਸਾਲ 2011 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ‘ਚ ਪੈਦਾ ਹੋਏ ਲੜਕੇ ਲੜਕੀਆਂ ਦਾ ਅਨੁਪਾਤ 1000 ਲੜਕਿਆਂ ਪਿੱਛੇ 846 ਲੜਕੀਆਂ ਸਨ। ਜਦਕਿ ਇਸ ਅਨੁਸਾਰ 2001 ‘ਚ 796 ਸੀ। 2021 ਵਿਚ 105 ਲੜਕਿਆਂ ਪਿੱਛੇ 100 ਲੜਕੀਆਂ ਦੀ ਗਿਣਤੀ ਹੋ ਚੱੁਕੀ ਹੈ।

ਅਸਲ ‘ਚ ਪੰਜਾਬੀ ਸਮਾਜ ਵਿਚ ਮੁੱਢਕਦੀਮ ਤੋਂ ਹੀ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਅਧਿਕਾਰ ਨਹੀਂ ਮਿਲੇ ਹੋਏ। ਕੁਝ ਸਦੀਆਂ ਪਹਿਲਾਂ ਦੀ ਅੌਰਤ ਨੂੰ ਮਾਣ ਬਖਸ਼ਦਿਆਂ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ, ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’ ਉਸ ਵੇਲੇ ਵੀ ਅੌਰਤਾਂ ਦੀ ਹਾਲਤ ਦਰਦਨਾਕ ਸੀ। ਉਂਝ ਵੀ ਪੰਜਾਬ ‘ਤੇ ਸਦੀਆਂ ਤੋਂ ਹੁੰਦੇ ਆਏ ਬਾਹਰਲੇ ਹਮਲਿਆਂ ਦੌਰਾਨ ਅੌਰਤਾਂ ਨੂੰ ਹੀ ਵੱਧ ਸੰਤਾਪ ਭੋਗਣਾ ਪੈਂਦਾ ਸੀ। ਅੌਰਤਾਂ ਦਾ ਉਠਾਲਾ ਹੁੰਦਾ ਸੀ, ਜਬਰ ਜਨਾਹ ਹੁੰਦਾ ਸੀ ਅਤੇ ਮਾਪੇ ਇਸ ਗੱਲੋਂ ਪਰੇਸ਼ਾਨ ਹੋ ਜਾਂਦੇ ਸਨ। ਸਿੱਟੇ ਵਜੋਂ ਉਸ ਵੇਲੇ ਲੜਕੀਆਂ ਨੂੰ ਜੰਮਦਿਆਂ ਹੀ ‘ਅਫੀਮ’ ਦੀ ਘੁੱਟੀ ਪਿਆ ਦਿੱਤੀ ਜਾਂਦੀ ਸੀ। ਕਿਉਂਕਿ ਮਾਪਿਆਂ ਦੇ ਮਨ ‘ਚ ਇਹ ਡਰ ਹੁੰਦਾ ਸੀ ਕਿ ਉਹ ਬੱਚੀਆਂ ਦੀ ਸੁਰੱਖਿਆ ਨਹੀਂ ਕਰ ਸਕਦੇ।

ਹੁਣ ਦੇ ਸਮੇਂ ‘ਚ ਲੜਕੀਆਂ ਨਾਲ ਵੱਧ ਰਹੀਆਂ ਘਟਨਾਵਾਂ, ਦਾਜ ਕਾਰਨ ਲੜਕੀਆਂ ਨੂੰ ਘਰਾਂ ‘ਚ ਸਾੜਨਾ, ਘਰਾਂ ਵਿਚ ਉਨ੍ਹਾਂ ਨਾਲ ਵਿਤਕਰਾ, ਜ਼ਮੀਨ ਜਾਇਦਾਦ ਵਿਚੋਂ ਹਿੱਸਾ ਨਾ ਦੇਣਾ ਅਤੇ ਪੰਜਾਬੀ ਸਮਾਜ ਵਿੱਚ ਨੱਕ ਵੱਢੇ ਜਾਣ ਤੋਂ ਬਚੇ ਰਹਿਣ ਦਾ ਵਰਤਾਰਾ ਆਦਿ ਕੁਝ ਇਹੋ ਜਿਹੇ ਕਾਰਨ ਹਨ, ਜਿਸ ਕਰ ਕੇ ਲੜਕੀਆਂ ਨੂੰ ਦੁਨੀਆ ਵਿਚ ਆਉਣ ਤੋਂ ਰੂੜੀਵਾਦੀ ਸੋਚ ਵਾਲੇ ਲੋਕ ਰੋਕਦੇ ਹਨ, ਭਾਵੇਂ ਕਿ ਹੁਣ ਦੇ ਸਮੇਂ ‘ਚ ਲੜਕੀਆਂ ਲੜਕਿਆਂ ਦੇ ਮਾਮਲੇ ‘ਚ ਪੜ੍ਹਾਈ ਦੇ ਖੇਤਰ ਅਤੇ ਮੁਕਾਬਲੇ ਦੀਆਂ ਪ੍ਰਰੀਖਿਆਵਾਂ ‘ਚ ਲਗਾਤਾਰ ਅੱਗੇ ਆ ਰਹੀਆਂ ਹਨ।

ਉਂਝ ਪੰਜਾਬ ‘ਚ ਸਮੁੱਚੇ ਤੌਰ ‘ਤੇ ਸਿੱਖਿਆ ਸਿਹਤ ਦੇ ਖੇਤਰ ‘ਚ ਪੂਰੀਆਂ ਸਹੂਲਤਾਂ ਨਾ ਮਿਲਣ ਕਾਰਨ, ਗਰੀਬ ਪਰਿਵਾਰਾਂ ਨੂੰ ਲੜਕਿਆਂ ਨਾਲੋਂ ਵੱਧ ਲੜਕੀਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਪ੍ਰਤੀ ਦਿੱਕਤਾਂ ਆ ਰਹੀਆਂ ਹਨ। ਨਵੇਂ ਜੰਮੇ ਬੱਚਿਆਂ ਖਾਸ ਕਰ ਕੇ ਲੜਕੀਆਂ ਦੀ ਦੇਖ-ਰੇਖ ‘ਚ ਕਮੀ ਕਾਰਨ ਇਹ ਬੱਚੀਆਂ 5 ਸਾਲ ਦੀ ਉਮਰ ਪਾਰ ਕਰਨ ਤੋਂ ਪਹਿਲਾਂ ਹੀ ਮਰਮੁਕ ਜਾਂਦੀਆਂ ਹਨ ਜਾਂ ਕੱੁਖ ਵਿਚ ਹੀ ਮਰਵਾ ਦਿੱਤੀਆਂ ਜਾਂਦੀਆਂ ਹਨ।

ਫਗਵਾੜਾ ਸ਼ਹਿਰ ਦੇ ਸਮੂਹ ਸਮਾਜ ਸੇਵਕਾਂ, ਬੱੁਧੀਜੀਵੀਆਂ ਨਾਲ ਮਿਲ ਕੇ ਇਸ ਸਮੱਸਿਆ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਦੇ ਵਿਚਾਰਾਂ ਬਾਰੇ ਉਨ੍ਹਾਂ ਦੀ ਸੋਚ ਬਾਰੇ ਤੇ ਵੱਧ ਰਹੇ ਅਨੁਪਾਤ ਨੂੰ ਸਹੀ ਕਰਨ ਬਾਰੇ ਫਗਵਾੜਾ ਸ਼ਹਿਰ ਦੇ ਲੋਕਾਂ ਦੇ ਵਿਚਾਰ।

————-

ਲੜਕੀਆਂ ਨੂੰ ਲੜਕਿਆਂ ਬਰਾਬਰ ਅਧਿਕਾਰ ਮਿਲਣੇ ਜ਼ਰੂਰੀ : ਸ਼ਰਨਜੀਤ ਸਿੰਘ

ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਜਦੋਂ ਤਕ ਸਾਡੇ ਸਮਾਜ ‘ਚ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਅਧਿਕਾਰ ਨਹੀਂ ਮਿਲਦੇ, ਉਦੋਂ ਤਕ ਲੋਕਾਂ ਵਿੱਚ ਜਾਗ੍ਤੀ ਨਹੀਂ ਆਵੇਗੀ। ਲੜਕੀਆਂ ਨੂੰ ਹਰ ਪੱਖ ਤੋਂ ਬਰਾਬਰਤਾ ਦੇਣੀ ਚਾਹੀਦੀ ਹੈ ਜਿਵੇਂ ਮਾਪਿਆਂ ਦੀ ਸੰਪਤੀ ਵਿਚ, ਪੜਾਈ ਵਿਚ, ਨੌਕਰੀਆਂ ਵਿਚ, ਜਦੋਂ ਤਕ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਨਹੀਂ ਸਮਿਝਆ ਜਾਂਦਾ, ਉਦੋਂ ਤਕ ਇਸ ਸਮਾਜਿਕ ਬੁਰਾਈ ਦਾ ਕੋਈ ਹੱਲ ਨਹੀਂ ਹੋ ਸਕਦਾ। ਇਹ ਇਕ ਨਿੰਦਣਯੋਗ ਅਪਰਾਧ ਹੈ ਅਜਿਹਾ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ।

—————

ਸਰਕਾਰ ਦੀ ਸਖਤੀ ਦੀ ਲੋੜ : ਤਰਨਜੀਤ ਸਿੰਘ ਬੰਟੀਵਾਲੀਆ

ਸਮਾਜ ਸੇਵਕ ਫਗਵਾੜਾ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਭਰੁਣ ਹੱਤਿਆ ਤੋਂ ਮਾੜੀ ਗੱਲ ਸਾਡੇ ਸਮਾਜ ਲਈ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੜਕੀਆਂ ਨੂੰ ਹੀ ਮਾਰੀ ਜਾਵਾਂਗੇ ਤਾਂ ਲੜਕਿਆਂ ਦੇ ਵਿਆਹ ਲਈ ਲੜਕੀਆਂ ਕਿਥੋਂ ਲੱਭਾਂਗੇ। ਲੜਕੀਆਂ ਦਾ ਵੀ ਖਾਨਦਾਨ ਚਲਾਉਣ ਵਿਚ ਅਹਿਮ ਯੋਗਦਾਨ ਹੈ। ਇਸ ਕਰ ਕੇ ਭਰੂਣ ਹੱਤਿਆ ਨੂੰ ਪੂਰੀ ਤਰ੍ਹਾਂ ਰੋਕਣਾ ਚਾਹੀਦਾ ਹੈ। ਸਰਕਾਰ ਨੂੰ ਸਖਤੀ ਦਿਖਾਉਣੀ ਚਾਹੀਦੀ ਹੈ। ਸਰਕਾਰ ਨੂੰ ਬੱਚੀ ਦੇ ਪੈਦਾ ਹੁੰਦੇ ਹੀ ਉਸ ਦੀ ਪੜ੍ਹਾਈ ਲਿਖਾਈ, ਡਾਕਟਰੀ ਇਲਾਜ ਜਦੋਂ ਤਕ ਉਹ ਬਾਲਿਗ ਨਾ ਹੋ ਜਾਵੇ ਬਿਲਕੁਲ ਮੁਫਤ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਕਿ ਮਾਪਿਆਂ ਨੂੰ ਲੜਕੀਆਂ ਬੋਝ ਨਹੀਂ ਲਗਣਗੀਆਂ ਅਤੇ ਉਨ੍ਹਾਂ ਦੀ ਪੜ੍ਹਾਈ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸਾਡੇ ਸਮਾਜ ਦਾ ਵੀ ਭਰੁਣ ਹਤਿਆ ‘ਚ ਅਹਿਮ ਯੋਗਦਾਨ ਹੈ ਜੇਕਰ ਕਿਸੇ ਦੇ ਦੋ ਲ਼ੜਕੀਆਂ ਹੋ ਜਾਂਦੀਆਂ ਹਨ ਤਾਂ ਉਸ ਨੂੰ ਅੌਰਤ ਨੂੰ ਲੜਕਾ ਨਾ ਹੋਣ ਦੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ।ਇਹ ਵੀ ਵੱਡਾ ਕਾਰਨ ਹੈ ਭਰੂਣ ਹੱਤਿਆ ਦਾ। ਉਹ ਅੌਰਤ ਜਾਂ ਤਾਂ ਭਰੂਣ ਹੱਤਿਆ ਕਰੇਗੀ ਜਾਂ ਆਪ ਆਤਮ ਹੱਤਿਆ ਕਰ ਲਵੇਗੀ। ਮਾਂ ਕਦੇ ਵੀ ਆਪਣੀ ਮਰਜ਼ੀ ਨਾਲ ਆਪਣੇ ਪੇਟ ਵਿਚਲੇ ਬੱਚੇ ਨੂੰ ਮਾਰਨਾ ਨਹੀਂ ਚਾਹੇਗੀ। ਕੁਝ ਡਾਕਟਰ ਵੀ ਮੋਟੀ ਰਕਮ ਦੇ ਚੱਕਰ ਵਿਚ ਅਜਿਹਾ ਗਲਤ ਕੰਮ ਕਰਦੇ ਹਨ।

————

ਲੜਕੀਆਂ ਲੜਕਿਆਂ ਤੋਂ ਜ਼ਿਆਦਾ ਮਾਪਿਆਂ ਦੀ ਕਰਦੀਆਂ ਹਨ ਸੇਵਾ : ਸੌਰਵ ਸ਼ਰਮਾ

ਸਮਾਜ ਸੇਵਕ ਫਗਵਾੜਾ ਸੌਰਵ ਸ਼ਰਮਾ ਨੇ ਕਿਹਾ ਕਿ ਭਰੁਣ ਹੱਤਿਆ ਸਾਡੇ ਸਮਾਜ ਲਈ ਕਲੰਕ ਹੈ। ਲੋਕਾਂ ਦੀ ਇਕ ਧਾਰਨਾ ਬਣੀ ਹੋਈ ਹੈ ਕਿ ਜੇਕਰ ਕੁੜੀਆਂ ਹੋ ਜਾਣਗੀਆਂ ਤਾਂ ਸਾਡਾ ਵੰਸ਼ ਅੱਗੇ ਨਹੀਂ ਵਧੇਗਾ। ਇਹ ਵਹਿਮ ਹੈ ਲੋਕਾਂ ਦਾ, ਜੋ ਸੋਚਦੇ ਹਨ ਕਿ ਲੜਕੀਆਂ ਬੋਝ ਹਨ। ਅੱਜ ਦੇ ਸਮੇਂ ਵਿਚ ਲੜਕਿਆਂ ਨਾਲੋਂ ਜ਼ਿਆਦਾ ਲੜਕੀਆਂ ਮਾਪਿਆਂ ਦੀ ਸੇਵਾ ਕਰਦੀਆਂ ਹਨ। ਲੜਕਿਆਂ ਦੀ ਕੋਈ ਗਾਰੰਟੀ ਨਹੀਂ ਕਿ ਉਹ ਮਾਪਿਆਂ ਦੀ ਸੇਵਾ ਕਰਨਗੇ ਜਾਂ ਨਹੀਂ ਪਰ ਲੜਕੀਆਂ ਤਾਉਮਰ ਮਾਪਿਆਂ ਦੀ ਸੇਵਾ ਜ਼ਰੂਰ ਕਰਦੀਆਂ ਹਨ ।ਜੋ ਲੜਕੇ ਸ਼ਾਇਦ ਹੀ ਕਰਦੇ ਹੋਣ। ਅੱਜ ਹਰ ਖੇਤਰ ਵਿਚ ਲੜਕੀਆਂ ਝੰਡੇ ਗੱਡ ਰਹੀਆਂ ਹਨ। ਚਾਹੇ ਪੜ੍ਹਾਈ ਦਾ ਖੇਤਰ ਹੋਵੇ, ਚਾਹੇ ਖੇਡਾਂ, ਚਾਹੇ ਵਿਗਿਆਨ ਦਾ, ਹਰ ਪਾਸੇ ਕੁੜੀਆਂ ਮੁੰਡਿਆਂ ਤੋਂ ਅੱਗੇ ਹਨ। ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਕੁੜੀਆਂ ਦੀ ਸੰਭਾਲ ਕਰੀਏ ਅਤੇ ਉਨ੍ਹਾਂ ਨੂੰ ਜ਼ਿੰਦਗੀ ਜੀਣ ਦਾ ਹੱਕ ਦੇਈਏ।

————-

ਭਰੂਣ ਹੱਤਿਆ ਸਮਾਜ ‘ਤੇ ਕਲੰਕ : ਬਲਵਿੰਦਰ ਠਾਕੁਰ

ਸਮਾਜ ਸੇਵਕ ਬਲਵਿੰਦਰ ਠਾਕੁਰ ਨੇ ਕਿਹਾ ਕਿ ਭਰੂਣ ਹੱਤਿਆ ਮਨੱੁਖਤਾ ਦੇ ਮੱਥੇ ‘ਤੇ ਕਲੰਕ ਹੈ। ਕਿਸੇ ਵੀ ਜੀਵ ਦੀ ਹੱਤਿਆ ਸਜ਼ਾਯੋਗ ਹੈ। ਜਿਹੜੇ ਮਾਪਿਆਂ ਵੱਲੋਂ ਗਰਭਵਤੀ ਦੇ ਪੇਟ ਦੇ ਵਿਚ ਹੀ ਲੜਕੀ ਦਾ ਕਤਲ ਕੀਤਾ ਜਾਂਦਾ ਹੈ। ਉਹ ਵੀ ਡਾਕਟਰਾਂ ਸਮੇਤ ਸਜ਼ਾ ਦੇ ਭਾਗੀਦਾਰ ਹਨ। ਉਂਝ ਵੀ ਇਹ ਸਮਝਣ ਵਾਲੀ ਗੱਲ ਹੈ ਕਿ ਵਿਗਿਆਨਿਕ ਤੌਰ ‘ਤੇ ਵੀ ਇਹ ਸਿੱਧ ਹੋ ਚੱੁਕਾ ਹੈ ਕਿ ਲੜਕਾ ਅਤੇ ਲੜਕੀ ਦਾ ਪੈਦਾ ਹੋਣਾ ਮਰਦ ੳੱੁਤੇ ਨਿਰਭਰ ਕਰਦਾ ਹੈ। ਅੌਰਤ ਨੂੰ ਲੜਕੀਆਂ ਪੈਦਾ ਕਰਨ ਲਈ ਦੋਸ਼ ਦੇਣਾ ਨਿਰਆਧਾਰ ਹੈ। ਅੱਜ ਅਸੀਂ 21ਵੀਂ ਸਦੀ ਵਿਚ ਪੈਰ ਰੱਖਣ ਵਾਲੇ ਹਾਂ ਅਤੇ ਭਰੂਣ ਹੱਤਿਆ ਸਾਡੀ ਪੁਰਾਣੇ ਸਮਿਆਂ ਦੀ ਦਕੀਆਨੁਸੀ ਸੋਚ ਕਾਰਨ ਹੀ ਹੈ। ਜਿੱਥੇ ਲੜਕੀਆਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ੳੱੁਥੇ ਹੀ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਸਖਤ ਕਾਨੂੰਨ ਵੀ ਬਣਾਉਣੇ ਚਾਹੀਦੇ ਹਨ।

————–

ਅੌਰਤਾਂ ਨੂੰ ਭੋਗਣਾ ਪੈਂਦੈ ਸੰਤਾਪ : ਚਰਨਜੀਤ ਸਿੰਘ ਖਾਲਸਾ

ਸੈਲਫ ਹੈਲਪ ਗਰੁੱਪ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬੀ ਸਮਾਜ ‘ਚ ਲੜਕੀਆਂ ਨੂੰ ਅਜੋਕੇ ਸਮੇਂ ‘ਚ ਅੱਗੇ ਵਧਣ ਦੇ ਲਗਾਤਾਰ ਮੌਕੇ ਤਾਂ ਮਿਲ ਰਹੇ ਹਨ ਪਰ ਕੁਝ ਪਿਛਾਂਹ ਖਿਚੂ ਲੋਕ ਉਨ੍ਹਾਂ ਦੇ ਹੱਕ ਖੋਹਣ ਲਈ ਚਾਲਾਂ ਚਲਦੇ ਹੀ ਰਹਿੰਦੇ ਹਨ। ਸਿੱਟੇ ਵਜੋਂ ਕਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਸਮਾਜ ਸ਼ਰਮਸਾਰ ਹੋ ਜਾਂਦਾ ਹੈ। ਭਰੂਣ ਹੱਤਿਆ ਇਹੋ ਜਿਹੇ ਕੁਕਰਮਾਂ ਵਿਚੋਂ ਇਕ ਹੈ। ਜ਼ਿਆਦਾ ਸੰਤਾਪ ਗਰਭਵਤੀਆਂ ਨੂੰ ਜਾਣੇ ਅਣਜਾਣੇ ਭੋਗਣਾ ਪੈਂਦਾ ਹੈ, ਜਿਸ ਦਾ ਅਸਰ ਉਸ ਦੇ ਸਰੀਰ ਉਪਰ ਤਾਂ ਹੁੰਦਾ ਹੀ ਹੈ, ਉਹ ਮਾਨਸਿਕ ਤੌਰ ‘ਤੇ ਵੀ ਟੁੱਟ ਜਾਂਦੀ ਹੈ। ਲੋੜ ਹੈ ਕਿ ਭਰੂਣ ਹੱਤਿਆ, ਦਾਜ ਤੇ ਸਖਤੀ ਨਾਲ ਨੱਥ ਪਾਈ ਜਾਵੇ। ਲੜਕੀਆਂ ਦੇ ਹੱਕਾਂ ਲਈ ਇਕ ਲਹਿਰ ਉਸਾਰੀ ਜਾਵੇ ਤਾਂ ਜੋ ਲੜਕੀਆਂ ਨੂੰ ਸਮਾਜ ‘ਚ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।

—————–

ਦੁਆਬਾ ਖੇਤਰ ‘ਚ ਘੱਟ ਭਰੂਣ ਹਤਿਆ ਦੇ ਮਾਮਲੇ : ਓਮ ਪ੍ਰਕਾਸ਼ ਵਜੀਦੋਵਾਲ

ਵਜੀਦੋਵਾਲ ਦੇ ਸਰਪੰਚ ਓਮਪ੍ਰਕਾਸ਼ ਵਜੀਦੋਵਾਲ ਨੇ ਕਿਹਾ ਕਿ ਦੁਆਬਾ ਜ਼ੋਨ ‘ਚ ਤਾਂ ਭਰੂਣ ਹੱਤਿਆ ਬਾਰੇ ਘੱਟ ਹੀ ਸੁਣਨ ਨੂੰ ਮਿਲਦਾ ਹੈ ਪਰ ਪੰਜਾਬ ਦੇ ਕਈ ਇਲਾਕਿਆਂ ਵਿਚ ਇਹ ਬਿਮਾਰੀ ਜ਼ਰੂਰ ਹੈ। ਇਕ ਪਾਸੇ ਤਾਂ ਸਾਡੇ ਸਮਾਜ ਵਿਚ ਕੰਜਕ ਪੂਜਨ ਹੁੰਦਾ ਹੈ। ਦੇਸ਼ ਦੇ ਸਨਮਾਨ ਵਿਚ ਬੋਲਦੇ ਹੋਏ ਵੀ ਕਿਹਾ ਜਾਂਦਾ ਹੈ ਕਿ ‘ਭਾਰਤ ਮਾਤਾ ਕੀ ਜੈ’ ਜਿਸ ਤੋਂ ਸਿੱਧ ਹੁੰਦਾ ਹੈ ਕਿ ਮਾਂ ਦਾ ਰੁਤਬਾ ਸਭ ਤੋਂ ਉਪਰ ਹੈ ਪਰ ਫਿਰ ਵੀ ਉਸ ਮਾਂ ਦੇ ਅੰਸ਼ ਨੂੰ ਮਿਟਾਉਣਾ ਮੰਦਭਾਗਾ ਹੈ। ਭਰੂਣ ਹੱਤਿਆ ਗਰਭਵਤੀ ਦੇ ਪੇਟ ਵਿਚ ਨਸ਼ਟ ਕਰਨਾ ਗਰਭਵਤੀ ਮਾਂ ਦੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਬੱਚਾ ਜੰਮਣ ਵਾਲੀ ਮਾਂ ਲਈ ਭਵਿੱਖ ਵਿਚ ਕਈ ਖਤਰਨਾਕ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਲੜਕਾ ਹੋਵੇ ਜਾਂ ਲੜਕੀ ਮਾਂ ਨੂੰ ਤਾ ਬੱਚੇ ਨਾਲ ਅੰਤਾਂ ਦਾ ਪਿਆਰ ਹੁੰਦਾ ਹੈ ਪਰ ਸਮਾਜਿਕ ਤੌਰ ‘ਤੇ ਕਈ ਵਾਰ ਮਾਂ ਲੜਕੀ ਨੂੰ ਜਨਮ ਨਾ ਦੇਣ ਲਈ ਮਜਬੂਰ ਕਰ ਦਿੱਤੀ ਜਾਂਦੀ ਹੈ। ਲੜਕੇ ਦੀ ਚਾਹ ਲਈ ਅੌਰਤ ਨੂੰ ਵਾਰ ਵਾਰ ਜਨੇਪਾ ਕਰਨ ਨਾਲ ਉਸ ਦੀ ਸਿਹਤ ਵੀ ਵਿਗੜ ਜਾਂਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੀ ਹੈ। ਸਮਾਜ ‘ਚ ਭਰੂਣ ਹੱਤਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੜਕਾ ਅਤੇ ਲੜਕੀ ਬਰਾਬਰ ਹਨ। ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਕੋਈ ਫਰਕ ਨਹੀਂ ਹੋਣਾ ਚਾਹੀਦਾ।