ਅਭੀ ਰਾਣਾ, ਨੰਗਲ : ਪਹਾੜੀ ਮਾਰਕੀਟ ਨੰਗਲ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦੁਰਗਾ ਮੰਦਿਰ ਦੇ ਸੰਸਥਾਪਕ ਮਾਸਟਰ ਬਿਹਾਰੀ ਲਾਲ ਦੇ 87ਵੇਂ ਜਨਮ ਦਿਨ ਨੂੰ ਸਮਰਪਿਤ ਮੰਦਿਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਿਲਾ ਮੰਡਲੀ ਅਤੇ ਸੁਸਾਇਟੀ ਮੈਂਬਰਾਂ ਵੱਲੋਂ ਜਿੱਥੇ ਬਾਬਾ ਪੋਣਾਹਾਰੀ ਦੀਆਂ ਭੇਟਾਂ ਗਾ ਕੇ ਇਲਾਕੇ ਨੂੰ ਭਗਤੀਮਈ ਮਾਹੌਲ ‘ਚ ਰੰਗ ਦਿੱਤਾ ਗਿਆ ਉੱੁਥੇ ਹੀ ਇਲਾਕੇ ਦੀ ਸੁੱਖਸ਼ਾਂਤੀ ਦੀ ਕਾਮਨਾ ਕੀਤੀ ਗਈ।

ਇਸ ਮੌਕੇ ਸੁਸਾਇਟੀ ਮੈਂਬਰ ਗੁਰਦੀਪ ਸ਼ਰਮਾ ਸਟੇਟ ਐਵਾਰਡੀ, ਕੁਲਦੀਪ ਸੂਦ, ਬੀਐੱਸ ਡੋਡ, ਰਜਨੀਸ਼ ਜਸਵਾਲ, ਨਰਿੰਦਰ ਸ਼ਰਮਾ, ਅੰਕਿਤ ਸ਼ਰਮਾ, ਸਾਹਿਲ ਸ਼ਰਮਾ ਤੇ ਹੋਰ ਵੱਖ-ਵੱਖ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਧਾਰਮਿਕ ਪੋ੍ਗਰਾਮ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਤੋਰਨ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਬਿਹਾਰੀ ਜੀ ਦੇ ਮਾਰਗ ਦਰਸ਼ਨ ਤਹਿਤ ਹਰ ਸਾਲ 18 ਜੁਲਾਈ ਨੂੰ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਜਾਂਦਾ ਹੈ, ਜਿਸ ਨੂੰ ਲੈ ਕੇ ਪੀਜੀਆਈ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭੇਟਾਂ ਦਾ ਗੁਣਗਾਨ ਕਰਦਿਆਂ ਹਰ ਸਾਲ ਨੰਗਲ ਤੋਂ ਦਿਓਟ ਸਿੱਧ ਲਈ ਹਜ਼ਾਰਾਂ ਸ਼ਰਧਾਲੂਆਂ ਦਾ ਜੱਥਾ ਰਵਾਨਾ ਹੁੰਦਾ ਹੈ। ਜ਼ਰੂਰਤਮੰਦ ਲੜਕੀਆਂ ਦੇ ਵਿਆਹ ਲਈ ਵੀ ਸਾਮਾਨ ਤੇ ਬਣਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਸਮੇਂ ਵੀ ਉਨ੍ਹਾਂ ਕਈ ਦਿਨਾਂ ਤਕ ਲਗਾਤਾਰ ਮੰਦਿਰ ‘ਚ ਭੋਜਨ ਤਿਆਰ ਕਰ ਕੇ ਹਜ਼ਾਰਾਂ ਲੋਕਾਂ ਦੇ ਘਰਾਂ ਤਕ ਪਹੁੰਚ ਕੀਤੀ ਸੀ।