ਆਕਾਸ਼, ਗੁਰਦਾਸਪੁਰ

ਸਿਹਤ ਸਕੀਮਾਂ ਦਾ ਲਾਭ ਘਰ-ਘਰ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੀ ਯੋਗ ਅਗਵਾਈ ਹੇਠ 13 ਸਤੰਬਰ ਨੂੰ ਆਯੂਸ਼ਮਾਨ ਭਵ ਪੋ੍ਗਰਾਮ ਦੀ ਲਾਂਚਿੰਗ ਕੀਤੀ ਗਈ ਸੀ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਦੇਖ-ਰੇਖ ਵਿਚ ਸਮੂਹ ਸਿਹਤ ਸੰਸਥਾਵਾਂ ਨੇ ਵੱਧ-ਚੜ ਕੇ ਹਿੱਸਾ ਲਿਆ ਸੀ|

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕਾਂ ਵਿਚ ਸਿਹਤ ਜਾਗਰੂਕਤਾ ਲਿਆਉਣ ਲਈ ਇਸ ਮੁਹਿੰਮ ਤਹਿਤ 02 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨਾਂ੍ਹ ਅੱਗੇ ਕਿਹਾ ਕਿ ਆਯੂਸ਼ਮਾਨ ਭਵ ਸਕੀਮ ਤਹਿਤ ਸਮੂਹ ਪੀਐੱਚਸੀ, ਸੀਐੱਚਸੀ, ਹੈਲਥ ਐਂਡ ਵੈੱਲਨੈੱਸ ਸੈਂਟਰਾਂ, ਐੱਸਡੀ ਤੇ ਜ਼ਲਿ੍ਹਾ ਹਸਪਤਾਲ ਗੁਰਦਾਸਪੁਰ ਵਿਖੇ 16, 23 ਅਤੇ 30 ਸਤੰਬਰ ਨੂੰ ਸਿਹਤ ਮੇਲੇ ਦਾ ਆਯੋਜਨ ਕੀਤਾ ਜਾਵੇਗਾ।

ਪੋ੍ਗਰਾਮ ਬਾਰੇ ਹੋਰ ਚਾਨਣਾ ਪਾਉਂਦਿਆਂ ਡੀਸੀ ਨੇ ਦੱਸਿਆ ਕਿ ਇਸ ਪੋ੍ਗਰਾਮ ਤਹਿਤ ਪਹਿਲੇ ਹਫਤੇ ਗੈਰ ਸੰਚਾਰੀ ਰੋਗ (ਬੀਪੀ, ਸ਼ੂਗਰ ਆਦਿ) ਦੂਸਰੇ ਹਫ਼ਤੇ ਸੰਚਾਰੀ ਰੋਗ (ਟੀਬੀ, ਲੇਪਰੋਸੀ, ਹੈਪੇਟਾਈਟਸ) ਅਤੇ ਤੀਸਰੇ ਹਫ਼ਤੇ ਜੱਚਾ-ਬੱਚਾ ਸਿਹਤ ਸੰਭਾਲ ਅਤੇ ਖੁਰਾਕ ਬਾਰੇ ਜਾਗਰੂਕਤਾ ਪੋ੍ਗਰਾਮ ਹੋਣਗੇ।

ਇਸ ਤੋਂ ਇਲਾਵਾ ਸਿਹਤ ਸੰਸਥਾਵਾਂ ਵਿਚ ਸਵੱਛਤਾ ਅਭਿਆਨ, ਖੂਨ ਦਾਨ ਕੈਂਪ ਅਤੇ ਨਾਲ ਹੀ ਅੰਗਦਾਨ ਨੂੰ ਉਤਸ਼ਾਹਿਤ ਕਰਨ ਸਬੰਧੀ ਸਹੁੰ ਚੁੱਕ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਉਨਾਂ੍ਹ ਦੱਸਿਆ ਕਿ ਸਾਫ ਸਫਾਈ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਸਵੱਛਤਾ ਅਭਿਆਨ ਵੀ ਸਿਹਤ ਸੰਸਥਾਵਾਂ ਵਿਖੇ ਚਲਾਏ ਜਾਣਗੇ ਅਤੇ ਇਹ ਪੋ੍ਗਰਾਮ 2 ਅਕਤੂਬਰ ਨੂੰ ਮੁਕੰਮਲ ਹੋਵੇਗਾ।

ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ 14 ਪ੍ਰਕਾਰ ਦੀਆਂ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ ਜਿਵੇ ਕਿ ਆਭਾ ਹੈਲਥ ਆਈ ਡੀ, ਆਯੂਸ਼ਮਾਨ ਭਾਰਤ ਕਾਰਡ, ਅਨ ਸੀ ਡੀ ਸਕ੍ਰੀਨਿੰਗ, ਮੈਂਟਲ ਹੈਲਥ, ਵੈੱਲਨੈੱਸ ਸਰਵਿਸਜ਼, ਅਰੋਗਯਾ ਸਭਾਵਾਂ ਆਦਿ।

ਇਸ ਪੋ੍ਗਰਾਮ ਦਾ ਉਦੇਸ਼ ਆਯੂਸ਼ਮਾਨ ਗ੍ਰਾਮ ਪੰਚਾਇਤ ਅਤੇ ਆਯੂਸ਼ਮਾਨ ਅਰਬਨ ਵਾਰਡ ਦਾ ਵਿਕਾਸ ਕਰਨਾ ਹੈ ਜਿਸ ਵਿਚ ਸਿਹਤ ਵਿਭਾਗ, ਆਂਗਣਵਾੜੀ ਸੈਂਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਆਯੂਸ਼ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸਮਾਜਿਕ ਭਲਾਈ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਅਤੇ ਐੱਨਜੀਓ, ਲੋਕਲ ਮੀਡਿਆ ਆਦਿ ਮਿਲ ਕੇ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਪੋ੍ਗਰਾਮ ਕਰਨਗੇ।