ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ‘ਆਯੁਸ਼ਮਾਨ ਭਵ’ 15 ਰੋਜ਼ਾ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਜ਼ਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ‘ਚ 127 ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ‘ਆਯੁਸ਼ਮਾਨ ਆਪ ਕੇ ਦੁਆਰ’ ਤਹਿਤ ਯੋਗ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਲਈ ਰਜਿਸਟਰਡ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਸਮੁੱਚੀ ਰੂਪ ਰੇਖਾ ਉਲੀਕੀ ਗਈ ਹੈ ਤੇ ਇਸ ਨੂੰ ਸਾਰੀਆਂ ਸਬੰਧਿਤ ਕਮਿਊਨਟੀ ਅਤੇ ਮੁੱਢਲੇ ਸਿਹਤ ਕੇਂਦਰਾਂ ਨਾਲ ਸਾਂਝਾ ਕੀਤਾ ਜਾ ਚੁੱਕਾ ਹੈ। ਇਨ੍ਹਾਂ 127 ਕੈਂਪਾਂ ‘ਚੋਂ ਕਰਤਾਰਪੁਰ ਬਲਾਕ ‘ਚ 29 ਕੈਂਪ ਲਾਏ ਜਾਣਗੇ। ਇਸੇ ਤਰ੍ਹਾਂ ਬਲਾਕ ਜਮਸ਼ੇਰ ਖਾਸ ਵਿਖੇ 22, ਬਲਾਕ ਕਾਲਾ ਬੱਕਰਾ ਵਿਖੇ 17, ਬਲਾਕ ਲੋਹੀਆਂ ਵਿਖੇ 16, ਬਲਾਕ ਆਦਮਪੁਰ ਵਿਖੇ 10 ਅਤੇ ਬਲਾਕ ਬੜਾ ਪਿੰਡ ਵਿਖੇ 10, ਬਲਾਕ ਸ਼ਾਹਕੋਟ ਵਿਖੇ 8, ਬਲਾਕ ਮਹਿਤਪੁਰ ਵਿਖੇ 6, ਬਲਾਕ ਬਿਲਗਾ ਵਿਖੇ 5, ਬਲਾਕ ਨੂਰਮਹਿਲ ਵਿਖੇ 3 ਤੇ ਬਲਾਕ ਫਿਲੌਰ ਵਿਖੇ ਇਕ ਕੈਂਪ ਲਾਇਆ ਜਾਵੇਗਾ। ਇਨ੍ਹਾਂ ਕੈਂਪਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਲੋਕ ਵੱਧ ਤੋਂ ਵੱਧ ਇਨ੍ਹਾਂ ਦਾ ਲਾਭ ਉਠਾ ਸਕਣ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵੱਲੋਂ ਸੀਐੱਚਸੀ ਸੈਂਟਰ ਕਰਤਾਰਪੁਰ ਵਿਖੇ 27 ਸਤੰਬਰ ਨੂੰ ‘ਆਯੁਸ਼ਮਾਨ ਮੇਲਾ’ ਵੀ ਲਾਇਆ ਜਾਵੇਗਾ। ਹੁਣ ਲੋਕ ਆਯੁਸ਼ਮਾਨ ਸਿਹਤ ਕਾਰਡ ਆਯੁਸ਼ਮਾਨ ਐਪ ਡਾਊਨਲੋਡ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਮੋਬਾਈਲ ਫੋਨ ਰਾਹੀਂ ਪੋਰਟਲ ‘ਤੇ ਸੰਪਰਕ ਕਰ ਸਕਣਗੇ ਅਤੇ ਆਧਾਰ ਕਾਰਡ ਜਾਂ ਪਰਿਵਾਰਕ ਪਛਾਣ ਰਾਹੀਂ ਇਹ ਜਾਣ ਸਕਦੇ ਹਨ ਕਿ ਉਹ ਸਿਹਤ ਕਾਰਡ ਲਈ ਯੋਗ ਹਨ ਜਾਂ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰਡ ਦੀ ਡਿਜੀਟਲ ਕਾਪੀ ਹਾਸਲ ਕਰਨ ਲਈ ਈ-ਕੇਵਾਈਸੀ ਪੋਰਟਲ ‘ਤੇ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਜਿਨ੍ਹਾਂ ਲਾਭਪਾਤਰੀਆਂ ਕੋਲ ਪਹਿਲਾਂ ਹੀ ਕਾਰਡ ਮੌਜੂਦ ਹੈ ਉਹ ਇਸ ਐਪ ਦੀ ਵਰਤੋਂ ਕਰਕੇ ਡੁਪਲੀਕੇਟ ਕਾਪੀ ਲੈ ਸਕਦੇ ਹਨ।