ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਬੀਤੇ ਕਈ ਸਾਲਾਂ ਦੌਰਾਨ ਡੇਰਾਬੱਸੀ ਇਲਾਕੇ ਅੰਦਰ ਪ੍ਰਵਾਸੀ ਵਿਅਕਤੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜੋ ਕਿ ਬਿਹਾਰ, ਉਤਰ ਪ੍ਰਦੇਸ਼, ਬੰਗਾਲ, ਨੇਪਾਲ ਅਤੇ ਉਤਰਾਖੰਡ ਤੋਂ ਆਕੇ ਡੇਰਾਬੱਸੀ ਇਲਾਕੇ ਅੰਦਰ ਰਹਿ ਰਹੇ ਹਨ। ਇਨ੍ਹਾਂ ‘ਚੋਂ ਹਜ਼ਾਰਾਂ ਪ੍ਰਵਾਸੀ ਤਾਂ ਇਥੇ ਪੱਕੇ ਘਰ ਬਣਾ ਕੇ ਰਹਿ ਰਹੇ ਹਨ ਅਤੇ ਲੱਖਾਂ ਦੀ ਗਿਣਤੀ ‘ਚ ਪ੍ਰਵਾਸੀ ਵਿਅਕਤੀ ਇਥੇ ਮੌਜੂਦ ਫੈਕਟਰੀਆਂ, ਦੁਕਾਨਾਂ ਅਤੇ ਦਫ਼ਤਰਾਂ ‘ਚ ਕੰਮ ਕਰ ਰਹੇ ਹਨ। ਜਿਨਾਂ ਨੂੰ ਬਿਨਾਂ ਪੁਲਿਸ ਵੈਰੀਫਿਕੇਸ਼ਨ ਤੋਂ ਲੋਕਾਂ ਵੱਲੋਂ ਕੰਮ ‘ਤੇ ਰੱਖਿਆ ਹੋਇਆ ਹੈ। ਜਿਨ੍ਹਾਂ ਦੀ ਕਿਸੇ ਵੀ ਮਕਾਨ ਮਾਲਕ ਅਤੇ ਫੈਕਟਰੀਆਂ ਪ੍ਰਬੰਧਕਾਂ ਵੱਲੋਂ ਕਦੇ ਵੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ। ਜਿਸ ਕਾਰਨ ਇਹ ਪ੍ਰਵਾਸੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਕੇ ਡੇਰਾਬੱਸੀ ਇਲਾਕੇ ਤੋਂ ਫ਼ਰਾਰ ਹੋ ਜਾਂਦੇ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।

ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਦੌਰਾਨ ਡੇਰਾਬੱਸੀ ਸ਼ਹਿਰ ਸਮੇਤ ਮੁਬਾਰਿਕਪੁਰ, ਭਾਂਖਰਪੁਰ, ਸੈਦਪੁਰਾ, ਈਸਾਪੁਰ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਅਨੇਕਾਂ ਕਲੋਨੀਆਂ, ਸੁਸਾਇਟੀਆਂ ਦਾ ਬਹੁਤ ਵੱਡੀ ਗਿਣਤੀ ‘ਚ ਨਿਰਮਾਣ ਹੋਇਆ ਹੈ। ਜਿਨ੍ਹਾਂ ‘ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪ੍ਰਵਾਸੀ ਵਿਅਕਤੀ ਇਨਾਂ ਸੁਸਾਇਟੀਆਂ, ਕਲੋਨੀਆਂ ‘ਚ ਆਕੇ ਜਾ ਤਾਂ ਪੱਕੇ ਤੌਰ ‘ਤੇ ਵਸ ਗਏ ਹਨ ਜਾਂ ਇਨ੍ਹਾਂ ਸੁਸਾਇਟੀਆ ਅਤੇ ਕਲੋਨੀਆਂ ‘ਚ ਕਿਰਾਏ ਤੇ ਮਕਾਨ ਲੈਕੇ ਰਿਹਾਇਸ਼ ਕਰ ਲਈ ਹੈ। ਜਿਨ੍ਹਾਂ ਦੀ ਕਿਸੇ ਵੀ ਪੁਲਿਸ ਅਧਿਕਾਰੀ ਸਮੇਤ ਸਥਾਨਕ ਪ੍ਰਸ਼ਾਸਨ ਵੱਲੋਂ ਕਦੇ ਵੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਗਈ। ਜਿਸ ਕਾਰਨ ਡੇਰਾਬੱਸੀ ਸ਼ਹਿਰ ਸਮੇਤ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਲੱਖਾਂ ਲੋਕ ਕਿਰਾਏ ਤੇ ਬਿਨਾਂ ਵੈਰੀਫਿਕੇਸ਼ਨ ਤੋਂ ਰਹਿ ਰਹੇ ਹਨ।

ਦੱਸਣਯੋਗ ਹੈ ਕਿ ਇਸ ਸਮੇਂ ਡੇਰਾਬੱਸੀ ਇਲਾਕੇ ਅੰਦਰ ਸਬਜ਼ੀ ਵੇਚਣ ਵਾਲੇ, ਰੇਹੜੀ ਵਾਲੇ, ਫਰੂਟ ਵੇਚਣ ਵਾਲੇ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ‘ਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਪ੍ਰਵਾਸੀ ਹਨ। ਜੋ ਕਿ ਆਪਣੀ ਗਿਣਤੀ ਵਧਾਉਣ ‘ਚ ਲੱਗੇ ਹੋਏ ਹਨ। ਜਦ ਵੀ ਕਿਸੇ ਪ੍ਰਵਾਸੀ ਵਿਅਕਤੀ ਨਾਲ ਕਿਸੇ ਪੰਜਾਬੀ ਵਿਅਕਤੀ ਦਾ ਝਗੜਾ ਹੁੰਦਾ ਹੈ ਤਾਂ ਇਹ ਪ੍ਰਵਾਸੀ ਵਿਅਕਤੀ ਇਕੱਠੇ ਹੋਕੇ ਪੰਜਾਬੀ ਵਿਅਕਤੀਆਂ ‘ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੰਦੇ ਹਨ ਤੇ ਫ਼ਰਾਰ ਹੋ ਜਾਂਦੇ ਹਨ।

ਸ਼ਹਿਰ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੇਰਾਬੱਸੀ ਇਲਾਕੇ ਅੰਦਰ ਰਹਿ ਰਹੇ ਪ੍ਰਵਾਸੀ ਲੋਕਾਂ ਦੀ ਵੈਰੀਫਿਕੇਸ਼ਨ ਕਰਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪ੍ਰਵਾਸੀ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਸ਼ਹਿਰ ‘ਚ ਆਏ ਦਿਨ ਹੋ ਰਹੀਆਂ ਲੁੱਟਾਂ ਖੋਹਾਂ, ਚੋਰੀਆਂ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।

ਜਦੋਂ ਇਸ ਬਾਰੇ ਏਐੱਸਪੀ ਡੇਰਾਬੱਸੀ ਡਾ. ਦਰਪਣ ਆਹਲੂਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਹਿੰਮ ਚਲਾ ਕੇ ਸ਼ਹਿਰ ਵਾਸੀਆਂ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਪ੍ਰਵਾਸੀ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਪਰ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਪ੍ਰਵਾਸੀ ਲੋਕਾਂ ਦੀ ਵੈਰੀਫਿਕੇਸ਼ਨ ਨਾ ਕਰਾਉਣ ਵਾਲੇ ਲੋਕਾਂ ਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ।