ਸ਼ੰਭੂ ਗੋਇਲ, ਲਹਿਰਾਗਾਗਾ

ਕੇਸੀਟੀ ਕਾਲਜ ਫਤਹਿਗੜ੍ਹ ਨੂੰ ਪੰਜਾਬ ਸਰਕਾਰ ਵੱਲੋਂ ਸਥਾਪਿਤ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ‘ਵਰਸਿਟੀ ਵੱਲੋਂ ਬੀਏ, ਬੀਕਾਮ, ਬੀਐਸਸੀ, ਐੱਮਏ (ਪੰਜਾਬੀ, ਇੰਗਲਿਸ਼), ਐੱਮਕਾਮ, ਐੱਮਐੱਸਸੀ ਕੋਰਸ ਚਲਾਉਣ ਦੀ ਮਾਨਤਾ ਮਿਲ ਗਈ ਹੈ। ਛੇ-ਛੇ ਮਹੀਨੇ ਦੇ ਸਰਟੀਫਿਕੇਟ ਕੋਰਸ ਤੇ ਇਕ ਸਾਲ ਦੇ ਡਿਪਲੋਮਾ ਕੋਰਸ ਚਲਾਉਣ ਦੀ ਵੀ ਮਨਜ਼ੂਰੀ ਮਿਲ ਗਈ ਹੈ। ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਦੱਸਿਆ ਕਿ ਜਗਤਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ‘ਵਰਸਿਟੀ ਪੰਜਾਬ ਸਰਕਾਰ ਵੱਲੋਂ 2021 ਵਿਚ ਸਥਾਪਿਤ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੇ ‘ਚ ਵਿੱਦਿਆ ਪਹੁੰਚਾਉਣੀ ਹੈ। ਉਕਤ ‘ਵਰਸਿਟੀ ਵੱਲੋਂ ਵੱਖ-ਵੱਖ ਕਿਸਮ ਦੇ ਕੋਰਸਾਂ ਦੀ ਫੀਸ ਬਹੁਤ ਹੀ ਘੱਟ ਹੈ ਤੇ ਦਿਵਿਆਂਗਾਂ ਲਈ ਇਹ ਕੋਰਸ ਬਿਲਕੁਲ ਮੁਫ਼ਤ ਹਨ। ਐੱਸਸੀ ਭਾਈਚਾਰੇ ਲਈ ਇਨ੍ਹਾਂ ਕੋਰਸਾਂ ਦੀ ਫੀਸ ਵਿਚ 50 ਫ਼ੀਸਦੀ ਛੋਟ ਦਿੱਤੀ ਜਾਂਦੀ ਹੈ, ਜਿਹੜੇ ਸਰਕਾਰੀ ਮੁਲਾਜਮ ਆਪਣੀ ਨੌਕਰੀ ‘ਚ ਤਰੱਕੀ ਲਈ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ। ਉਹ ਹੁਣ ਆਪਣੀ ਨੌਕਰੀ ਛੱਡੇ ਬਿਨਾ ਪੜ੍ਹਾਈ ਕਰ ਸਕਦੇ ਹਨ, ਜਿਸ ਸਬੰਧੀ ਦਾਖਲੇ ਦੀ ਅੰਤਿਮ ਮਿਤੀ 30 ਸਤੰਬਰ ਹੈ। ਕਾਲਜ ਦੇ ਜਰਨਲ ਸਕੱਤਰ ਰਾਮ ਗੋਪਾਲ ਨੇ ਦੱਸਿਆ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਹੀ ਸਾਡੀ ਸੰਸਥਾ ਦਾ ਮੁਖ ਉਦੇਸ਼ ਹੈ। ਉਨ੍ਹਾਂ ਨੇ ਕਾਲਜ ਦੇ ਸਟਾਫ ਨੂੰ ਵਧਾਈ ਦਿੰਦਿਆਂ ‘ਵਰਸਿਟੀ ਦਾ ਵੀ ਧੰਨਵਾਦ ਕੀਤਾ ਕਿ ਯੂਨੀਵਰਸਿਟੀ ਨੇ ਕੇ ਸੀ ਟੀ ਕਾਲਜ ਨੂੰ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਧਾਨ ਜਸਵੰਤ ਸਿੰਘ, ਮਨੋਜ ਗੋਇਲ ਡੀਨ ਕਾਲਜ ਤੇ ਸਮੂਹ ਸਟਾਫ ਹਾਜ਼ਰ ਸਨ।