ਦਰਸ਼ਨ ਸਿੰਘ ਚੌਹਾਨ, ਸੁਨਾਮ

ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੇ ਸੱਦੇ ‘ਤਹਿਤ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡਿੱਪੂ ਹੋਲਡਰ ਪਰਮਜੀਤ ਸਿੰਘ ਹਾਂਡਾ ਦੀ ਅਗਵਾਈ ਹੇਠ ਰਵਾਨਾ ਹੋਏ। ਡਿੱਪੂ ਹੋਲਡਰ ਐਸੋਸੀਏਸ਼ਨ ਦੇ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਵੰਡਣ ਲਈ ਮਾਰਕਫੈੱਡ ਰਾਹੀਂ ਪ੍ਰਰਾਈਵੇਟ ਏਜੰਸੀਆਂ ਤੋਂ ਟੈਂਡਰ ਮੰਗੇ ਜਾ ਰਹੇ ਹਨ ਅਜਿਹੇ ਵਿੱਚ ਦਹਾਕਿਆਂ ਤੋਂ ਸੇਵਾਵਾਂ ਦੇ ਰਹੇ ਡਿੱਪੂ ਹੋਲਡਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨਾਂ੍ਹ ਕਿਹਾ ਕਿ ਸੂਬੇ ਦੀ ਸਰਕਾਰ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਦੀਆਂ ਗੱਲਾਂ ਕਰ ਰਹੀ ਹੈ ਪਰੰਤੂ ਦੂਜੇ ਪਾਸੇ ਬੇਰੁਜ਼ਗਾਰੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਅਜਿਹੇ ਟੈਂਡਰਾਂ ਨੂੰ ਰੱਦ ਕੀਤੇ ਜਾਵੇ, ਡਿੱਪੂ ਹੋਲਡਰਾਂ ਦਾ 25 ਮਹੀਨੇ ਦਾ ਰਹਿੰਦਾ ਕਮਿਸ਼ਨ ਜਲਦੀ ਖਾਤਿਆਂ ਵਿੱਚ ਪਾਇਆ ਜਾਵੇ, ਹਰੇਕ ਡਿੱਪੂ ਹੋਲਡਰ ਨੂੰ ਪਰਚੀਆਂ ਕੱਟਣ ਵਾਲੀ ਈ-ਪੋਜ਼ ਮਸ਼ੀਨ ਦਿੱਤੀ ਜਾਵੇ ਤਾਂ ਕਿ ਲੋਕਾਂ ਦੀਆਂ ਲੰਮੀਆਂ ਲਾਈਨਾ ਨਾ ਲੱਗਣ। ਉਨਾਂ੍ਹ ਕਿਹਾ ਕਿ ਹਰੇਕ ਪਿੰਡ – ਸ਼ਹਿਰ ਦੇ ਡਿੱਪੂ ਹੋਲਡਰ ਨੂੰ ਵਾਈਫਾਈ ਕੁਨੈਕਸ਼ਨ ਮੁਫ਼ਤ ਦਿੱਤਾ ਜਾਵੇ, ਤਾਂ ਜੋ ਮਸ਼ੀਨ ਦਾ ਸਰਵਰ ਡਾਊਨ ਨਾ ਹੋਵੇ, ਡਿਪੂ ਹੋਲਡਰਾਂ ਨੂੰ ਦੁਕਾਨ ਦਾ ਕਰਾਇਆ ਅਤੇ ਬਿਜਲੀ ਦਾ ਬਿੱਲ ਵੀ ਦਿੱਤਾ ਜਾਏ, ਪੰਜ ਲੱਖ ਵਾਲਾ ਇਲਾਜ਼ ਕਾਰਡ ਬਣਾਇਆ ਜਾਵੇ। ਇਸ ਮੌਕੇ ਸੰਸਾਰ ਸਿੰਘ ਭਰੂਰ, ਭੋਲਾ ਸਿੰਘ ਮਾਡਲ ਟਾਊਨ, ਮੰਗਤ ਰਾਏ ਗੋਇਲ, ਜਰਨੈਲ ਸਿੰਘ ਢੋਟ, ਸਤਨਾਮ ਸਿੰਘ ਛਾਜਲੀ, ਗੁਰਦੀਪ ਸਿੰਘ ਖਡਿਆਲ, ਗੁਰਚਰਨ ਸਿੰਘ ਖਡਿਆਲ, ਜੀਤ ਸਿੰਘ ਕਣਕਵਾਲ, ਟੇਕ ਸਿੰਘ ਖਡਿਆਲ, ਰਘਵੀਰ ਸਿੰਘ ਜਵੰਧਾ, ਮੰਗਲ ਸਿੰਘ, ਜਗਤਾਰ ਸਿੰਘ ਜਖੇਪਲ, ਤਾਰਾ ਸਿੰਘ ਛਾਜਲੀ, ਸਮਸ਼ੇਰ ਸਿੰਘ ਮਹਿਲਾਂ, ਮਨਜੀਤ ਸਿੰਘ ਮਹਿਲਾਂ ਡੀਪੂ ਹੋਲਡਰ ਹਾਜ਼ਰ ਸਨ।