ਮੁਹੰਮਦ ਅਸ਼ਰਫ, ਮਲੇਰਕੋਟਲਾ

ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਹੋਰ ਸੁਧਾਰ ਲਿਆਉਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜ਼ਿਲਿ੍ਹਆਂ ‘ਚ ਉਲੀਕੀ ਗਈ ਸਿਖਲਾਈ ਦੀ ਲੜੀ ਤਹਿਤ ਜ਼ਿਲ੍ਹਾ ਮਲੇਰਕੋਟਲਾ ‘ਚ ਤਿੰਨ ਦਿਨਾ ਸਰਵਿਸ ਪੋ੍ਵਾਈਡਰ ਕਮ ਇੰਟਰਨਲ ਅਸੈਸਰ ਟਰੇਨਿੰਗ’ ਸਿਖਲਾਈ ਵਰਕਸ਼ਾਪ ਦੀ ਸ਼ੁਰੂਆਤ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਹੋਈ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾਂ ਭੌਰਾ ਨੇ ਸਿਖਲਾਈ ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਸਿਹਤ ਵਿਭਾਗ ਦੇ ਡਾਕਟਰਾਂ, ਫਾਰਮੇਸੀ ਅਫ਼ਸਰਾਂ, ਸਟਾਫ਼ ਨਰਸਾਂ, ਐਲ.ਟੀ, ਰੇਡੀਉਗ੍ਰਾਫਰ, ਸੀ.ਐਚ.ਓਜ ਦੀ ਸਿਖਲਾਈ ਦਿੱਤੀ ਜਾਵੇਗੀ । ਉਨਾਂ੍ਹ ਦੱਸਿਆ ਕਿ ਇਸ ਸਿਖਲਾਈ ਤਹਿਤ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਅਤੇ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।

ਇਸ ਮੌਕੇ ਸਟੇਟ ਅਸੈਸਰ ਡਾ. ਨਿਤਿਆ ਕੁਮਾਰ ਦਾਸ ਤੇ ਸਟੇਟ ਅਸੈਸਰ ਸਨੇਹ ਲਤਾ ਦੁਆਰਾ ਐਮਰਜੈਂਸੀ, ਲੇਬਰ ਰੂਮ ਅਤੇ ਐੱਸਐੱਨਸੀਯੂ ਦੀਆਂ ਸੇਵਾਵਾਂ ਵਿਚ ਸੁਧਾਰ ਲਿਆਉਣ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ੍ਹ ਦੱਸਿਆ ਕਿ ਕਿਸੇ ਵੀ ਮਰੀਜ਼ ਦੀ ਫਾਈਲ ਬਣਾਉਣ ਸਮੇਂ ਫਾਈਲ ‘ਤੇ ਬਣੇ ਸਾਰੇ ਕਾਲਮ ਚੰਗੀ ਤਰਾਂ੍ਹ ਭਰੇ ਜਾਣ ਤਾਂ ਜੋ ਮਰੀਜ਼ ਦੇ ਕੇਸ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

ਇਸ ਉਪਰੰਤ ਏਐੱਚਏ ਡਾ. ਅਰਸ਼ਨੂਰ ਕੌਰ ਪਟਿਆਲਾ ਤੇ ਡਾ. ਅਲੀਸ਼ਾ ਸ਼ਰਮਾ ਵੱਲੋਂ ਓਪੀਡੀ, ਫਾਰਮੇਸੀ ਵਿਭਾਗ ਤੇ ਓਟੀ ਵਿਭਾਗ ਵਿੱਚ ਮਿਆਰੀ ਸੁਧਾਰ ਲਿਆਉਣ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਹਰ ਇਕ ਵਿਭਾਗ ਦਾ ਨਾਮ ਤੇ ਹਸਪਤਾਲ ਦੇ ਬਾਕੀ ਹਿੱਸਿਆਂ ਨੂੰ ਪੰਜਾਬੀ ਭਾਸ਼ਾ ਵਿਚ ਲਿਖਿਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।

ਡਾ. ਨਰੈਣ ਸਿੰਘ ਧੂਰੀ ਤੇ ਡਾ. ਅਮਨਦੀਪ ਸਿੰਘ ਅਹਿਮਦਗੜ੍ਹ ਨੇ ਵੀ 3 ਰੋਜ਼ਾ ਸਿਖਲਾਈ ‘ਚ ਹਿੱਸਾ ਲੈਣ ਵਾਲਿਆਂ ਨੂੰ ਸੁਧਾਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ ਵੀ ਮੌਜੂਦ ਸਨ।