ਨਵਜੋਤ ਧਾਮੀ, ਮੁਕੇਰੀਆ : ਹਾਜੀਪੁਰ ਤੋਂ ਮੁਕੇਰੀਆਂ ਰੋਡ ‘ਤੇ ਪੈਂਦੇ ਪਿੰਡ ਪਟਿਆਲ ਨੇੜੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ।ਮਾਮਲਾ ਪੁਰਾਣੀ ਰੰਜਿਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਵਿੰਦ ਰਾਏ ਗੋਲਡੀ ਉਮਰ 30 ਸਾਲ ਪੁੱਤਰ ਸੁਰਿੰਦਰ ਪਾਲ ਵਾਸੀ ਕਸਬਾ ਹਾਜੀਪੁਰ, ਜੋ ਕਿ ਦੁਪਹਿਰ ਵੇਲੇ ਨਵਰਾਜ ਪੁੱਤਰ ਕੁਲਦੀਪ ਵਾਸੀ ਪਿੰਡ ਸੁਨੇੜਾ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮੁਕੇਰੀਆਂ ਵੱਲ ਜਾ ਰਿਹਾ ਸੀ ਜਦੋਂ ਉਹ ਪਟਿਆਲ਼ ਸਕੂਲ ਨੇੜੇ ਪੁੱਜਾ ਤਾ ਪਿੱਛਿਓਂ ਆ ਰਹੇ 4 ਨੌਜਵਾਨਾਂ ਨੇ ਗੋਬਿੰਦ ਰਾਏ ‘ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਮੋਟਰਸਾਈਕਲ ਚਾਲਕ ਨਵਰਾਜ ਨੇ ਪਿੰਡ ਪਟਿਆਲ ਵੱਲ ਮੋੜ ਲਿਆ ਤਾਂ ਮੋਟਰਸਾਈਕਲ ਪਲਟ ਗਿਆ, ਜਿਸ ਕਾਰਨ ਦੋਵੇਂ ਸੜਕ ‘ਤੇ ਡਿੱਗ ਗਏ ਜਿਸ ਦੌਰਾਨ ਹਮਲਾਵਰਾਂ ਨੇ ਗੋਵਿੰਦ ਰਾਏ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਤੇ ਹਮਲਾਵਰ ਭੱਜ ਗਏ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜ਼ਖਮੀ ਨੂੰ ਡਾਕਟਰਾਂ ਨੇ ਉਥੋਂ ਰੈਫਰ ਕਰ ਦਿੱਤਾ ਗੋਵਿੰਦ ਰਾਏ ਦੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।

ਲੜਾਈ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਐਡੀਸ਼ਨਲ ਥਾਣਾ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਇਕ ਦੋਸ਼ੀ ਦੀ ਪਛਾਣ ਹੋ ਗਈ ਹੈ ਅਤੇ ਬਾਕੀ ਅਣਪਛਾਤੇ ਹਨ, ਪੁਲਿਸ ਜਾਂਚ ਕਰ ਰਹੀ ਹੈ।